ਪੰਜਾਬ ਵਿੱਚ 21 ਦਸੰਬਰ ਨੂੰ ‘ਡਰਾਈ ਡੇ’ ਐਲਾਨਿਆ ਗਿਆ ਹੈ। ਸੂਬੇ ਅੰਦਰ ਪੰਜ ਨਗਰ ਨਿਗਮਾਂ ਤੇ 41 ਨਗਰ ਕੌਂਸਲਾਂ ਦੀਆਂ 21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਕਰਕੇ ਇਹ ਐਲਾਨ ਕੀਤਾ ਗਿਆ ਹੈ। ਇਸ ਲਈ ਅੱਜ ਸ਼ਰਾਬ ਦੇ ਠੇਕਿਆਂ ਅੱਗੇ ਭੀੜਾਂ ਲੱਗਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਚੋਣਾਂ ਵਾਲੇ ਖੇਤਰਾਂ ’ਚ ਜਨਤਕ ਛੁੱਟੀ ਐਲਾਨੀ ਗਈ ਹੈ।
ਨਿਗਮ ਤੇ ਕੌਂਸਲ ਚੋਣਾਂ ਲਈ 21 ਦਸੰਬਰ ਨੂੰ ਵੋਟਾਂ ਸਵੇਰ 7 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਪੈਣਗੀਆਂ ਤੇ ਵੋਟਾਂ ਦੀ ਗਿਣਤੀ ਵੀ ਉਸੇ ਦਿਨ ਹੋਵੇਗੀ। ਪੰਜਾਬ ਰਾਜ ਚੋਣ ਕਮਿਸ਼ਨ ਨੇ 8 ਦਸੰਬਰ ਨੂੰ ਚੋਣਾਂ ਦਾ ਐਲਾਨ ਕੀਤਾ ਸੀ ਤੇ 14 ਦਸੰਬਰ ਨੂੰ ਨਾਮਜ਼ਦਗੀਆਂ ਦੀਆਂ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਚੋਣ ਪ੍ਰਚਾਰ ਸ਼ੁਰੂ ਹੋ ਗਿਆ ਸੀ। ਜ਼ਿਮਨੀ ਚੋਣਾਂ ’ਚੋਂ ਗ਼ੈਰਹਾਜ਼ਰ ਰਹਿਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਇਹ ਚੋਣਾਂ ਲੜ ਰਿਹਾ ਹੈ। ਭਾਜਪਾ ਲਈ ਵੀ ਇਹ ਚੋਣਾਂ ਵੱਕਾਰੀ ਹਨ ਕਿਉਂਕਿ ਜ਼ਿਮਨੀ ਚੋਣਾਂ ’ਚ ਭਾਜਪਾ ਦੇ ਚਾਰ ’ਚੋਂ ਤਿੰਨ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਭਗਵਾਂ ਪਾਰਟੀ ਇਨ੍ਹਾਂ ਚੋਣਾਂ ’ਚ ਪਹਿਲੀ ਵਾਰ ਅਕਾਲੀ ਦਲ ਦੇ ਸਾਥ ਤੋਂ ਬਿਨਾਂ ਉੱਤਰੀ ਹੈ।
ਸਿਆਸੀ ਧਿਰਾਂ ਨੇ ਸਭ ਤੋਂ ਵੱਧ ਸਿਆਸੀ ਤਾਣ ਨਗਰ ਨਿਗਮ ਅੰਮ੍ਰਿਤਸਰ, ਜਲੰਧਰ ਨਿਗਮ, ਲੁਧਿਆਣਾ ਨਿਗਮ, ਫਗਵਾੜਾ ਤੇ ਪਟਿਆਲਾ ਨਿਗਮ ਦੀ ਚੋਣ ’ਤੇ ਲਾਇਆ ਹੈ। ਇਸ ਤੋਂ ਇਲਾਵਾ 41 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵੀ ਹੋ ਰਹੀਆਂ ਹਨ। ਨਿਗਮ ਤੇ ਕੌਂਸਲ ਚੋਣਾਂ ’ਚ ਵੋਟਿੰਗ ਲਈ ਈਵੀਐਮਜ਼ ਦੀ ਵਰਤੋਂ ਕੀਤੀ ਜਾਣੀ ਹੈ। ਨਿਗਮ ਤੇ ਕੌਂਸਲ ਚੋਣਾਂ ਵਿੱਚ ਕੁੱਲ 37,32,636 ਵੋਟਰ ਆਪਣੇ ਹੱਕ ਦਾ ਇਸਤੇਮਾਲ ਕਰ ਸਕਣਗੇ ਜਿਨ੍ਹਾਂ ਵਿੱਚ 19,55,888 ਪੁਰਸ਼, 17,76,544 ਮਹਿਲਾਵਾਂ ਤੇ 204 ਹੋਰ ਸ਼ਾਮਲ ਹਨ।
EDITED BY- HARLEEN KAUR