ਲੁਧਿਆਣਾ ਵਿੱਚ 21 ਦਸੰਬਰ ਨੂੰ ਨਗਰ ਨਿਗਮ ਚੋਣਾਂ ਹੋਣੀਆਂ ਹਨ। 48 ਘੰਟਿਆਂ ਪਹਿਲਾਂ ਚੋਣਾਂ ਦਾ ਪ੍ਰਚਾਰ ਰੁੱਕ ਗਿਆ ਹੈ। ਹੁਣ ਸਿਆਸੀ ਪਾਰਟੀਆਂ ਦੇ ਆਗੂ ਅਤੇ ਉਨ੍ਹਾਂ ਦੇ ਸਮਰਥਕ ਸ਼ਹਿਰ ਵਿੱਚ ਸ਼ਰਾਬ ਅਤੇ ਰਾਸ਼ਨ ਵੰਡਣ ਵਿੱਚ ਲੱਗੇ ਹੋਏ ਹਨ। ਇਸੇ ਦੌਰਾਨ ਬੀਤੀ ਰਾਤ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਜੀਐਨਈ ਕਾਲਜ ਦੇ ਅੰਦਰ ਭਾਜਪਾ ਦੇ ਇੱਕ ਹੋਰ ਸਮਰਥਕ ਦੀ ਕਾਰ ਨੂੰ ਘੇਰ ਲਿਆ।
ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ‘ਤੇ ਮਰਾਡੋ ਪੁਲਿਸ ਚੌਂਕੀ ਇੰਚਾਰਜ ਨੂੰ ਸੱਦਿਆ। ਉੱਥੇ ਹੀ ਜਦੋਂ ਗੱਡੀ ਦੀ ਚੈਕਿੰਗ ਕਰਵਾਈ ਤਾਂ ਸ਼ਰਾਬ ਬਰਾਮਦ ਹੋਈ। ਜਾਣਕਾਰੀ ਦਿੰਦਿਆਂ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਾਰਡ ਨੰਬਰ 38 ਤੋਂ ਭਾਜਪਾ ਉਮੀਦਵਾਰ ਗੁਰਨਾਮ ਸਿੰਘ ਲੋਹਾਰਾ ਦੇ ਪੋਸਟਰ ਵਾਲੀ ਇੱਕ ਕਾਰ ਇਲਾਕੇ ਵਿੱਚ ਸ਼ਰਾਬ ਵੰਡ ਰਹੀ ਹੈ। ਸੂਚਨਾ ਮਿਲਣ ’ਤੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਜਦੋਂ ਕਾਰ ਚਾਲਕ ਦਾ ਪਿੱਛਾ ਕੀਤਾ ਗਿਆ ਤਾਂ ਉਹ ਤੁਰੰਤ ਕਾਰ ਲੈ ਕੇ ਜੀਐਨਈ ਕਾਲਜ ਵਿੱਚ ਵੜ ਗਿਆ।ਕਾਲਜ ਦੇ ਗੇਟ ਮੈਨ ਨੇ ਵੀ ਉਸ ਨੂੰ ਨਹੀਂ ਰੋਕਿਆ।
ਲੋਕ ਕਾਲਜ ਦੇ ਬਾਹਰ ਇਕੱਠੇ ਹੋਏ ਤਾਂ ਲੋਕਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਹੋ ਸਕਦਾ ਹੈ ਕਿ ਕਾਰ ਚਾਲਕ ਗੱਡੀ ਨੂੰ ਛੱਡ ਕੇ ਫ਼ਰਾਰ ਹੋ ਗਿਆ ਹੋਵੇ। ਫਿਲਹਾਲ ਕਾਰ ‘ਚੋਂ ਸਿਰਫ ਇਕ ਪੇਟੀ ਸ਼ਰਾਬ ਮਿਲੀ ਹੈ। ਕਾਰ ਨੂੰ ਪੁਲਿਸ ਅਧਿਕਾਰੀਆਂ ਨੇ ਟੋ ਕਰਵਾ ਦਿੱਤਾ ਹੈ। ਨਗਰ ਨਿਗਮ ਚੋਣਾਂ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵੰਡਣ ਦਿੱਤਾ ਜਾਵੇਗਾ।
EDITED BY- HARLEEN KAUR