ਰੱਬ ਜਦੋਂ ਵੀ ਦਿੰਦਾ ਛੱਪੜ ਪਾੜ ਕੇ ਹੀ ਦਿੰਦਾ। ਅਜਿਹਾ ਹੀ ਕੁਝ ਹੋਇਆ ਨੂਰਪੁਰਬੇਦੀ ਦੇ ਪਿੰਡ ਬੜਵਾ ਦੇ ਰਹਿਣ ਵਾਲੇ ਹਰਪਿੰਦਰ ਸਿੰਘ ਦੇ ਨਾਲ, ਜਿਨ੍ਹਾਂ ਦੀ ਕਿਸਮਤ ਰਾਤੋਂ ਰਾਤ ਬਦਲ ਗਈ। ਦੱਸ ਧਈਏ ਕਿ ਲੋਹੜੀ ਬੰਪਰ ਨੇ ਰੋਪੜ ਦੇ ਇਸ ਡਰਾਈਵਰ ਦੀ ਕਿਮਸਤ ਨੂੰ ਚਮਕਾ ਦਿੱਤਾ ਹੈ ਅਤੇ ਪਰਿਵਾਰ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ। ਦਰਅਸਲ ਲੋਹੜੀ ਬੰਪਰ ਦੇ ਨਤੀਜੇ ਦਾ ਐਲਾਨ ਹੋਇਆ ਹੈ ਜਿਸ ‘ਚ 10 ਕਰੋੜ ਦੀ ਲਾਟਰੀ ਹਰਪਿੰਦਰ ਸਿੰਘ ਦੀ ਨਿਕਲੀ ਹੈ। ਇਨਾਮ ਨਿਕਲਣ ਤੋਂ ਬਾਅਦ ਰੋਪੜ ਦੇ ਪੁਰਾਣਾ ਬੱਸ ਅੱਡੇ ਤੇ ਸਥਿਤ ਲਾਟਰੀ ਦੇ ਸਟਾਲ ਅਸ਼ੋਕਾ ਲਾਟਰੀ ਤੇ ਢੋਲ ਵੱਜਣੇ ਸ਼ੁਰੂ ਹੋ ਗਏ ਕਿਉਂਕਿ ਇਸੇ ਸਟਾਲ ਤੋਂ ਇਹ ਲਾਟਰੀ ਵਿਕੀ ਸੀ।
ਦੱਸ ਦਈਏ ਕਿ ਪੰਜਾਬ ਦੇ ਲਾਟਰੀ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਸਰਕਾਰ ਵੱਲੋਂ ਇੰਨੀ ਵੱਡੀ ਇਨਾਮੀ ਰਕਮ ਰੱਖੀ ਗਈ ਹੈ। ਇਸ ਕਾਰਨ ਲੋਹੜੀ ਮਕਰ ਸੰਕ੍ਰਾਂਤੀ ਬੰਪਰ-2025 ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਸੀ। ਜਾਣਕਾਰੀ ਅਨੁਸਾਰ ਲਾਟਰੀ ਇਨਾਮ ਦਾ ਜੇਤੂ ਹਰਪਿੰਦਰ ਸਿੰਘ ਕੁਵੈਤ ਵਿੱਚ ਟਰਾਲਾ ਚਲਾ ਕੇ ਡਰਾਈਵਰੀ ਕਰਦਾ ਹੈ ਤੇ ਅੱਜ ਕੱਲ ਆਪਣੇ ਘਰ ਆਇਆ ਹੋਇਆ ਹੈ। ਹਰਪਿੰਦਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਵੀ ਲਾਟਰੀਆਂ ਖ਼ਰੀਦਦਾ ਸੀ ਪਰ ਇਨਾਮ ਉਸ ਨੂੰ ਪਹਿਲੀ ਵਾਰ ਨਿਕਲਿਆ ਹੈ। ਜਿਸ ਤੋਂ ਬਾਅਦ ਸਾਰਾ ਪਰਿਵਾਰ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਿਹਾ ਹੈ ਤੇ ਪਰਿਵਾਰ ਕੋਲੋਂ ਇਹ ਖੁਸ਼ੀ ਸਾਂਭੀ ਨਹੀਂ ਜਾ ਰਹੀ।