ਪੰਜਾਬ ਦੇ ਵਿੱਚ ਲਗਾਤਾਰ ਠੰਡ ਦਾ ਕਹਿਰ ਵੱਧਦਾ ਜਾ ਰਿਹਾ ਹੈ ਅਤੇ ਸੜਕਾਂ ‘ਤੇ ਕਈ-ਕਈ ਘੰਟਿਆਂ ਤੱਕ ਧੁੰਦ ਦਾ ਕੋਹਰਾ ਵਿਖਾਈ ਦੇ ਰਿਹਾ ਹੈ। ਇੱਕ ਪਾਸੇ ਵੱਧਦੀ ਠੰਢ ਲੋਕਾਂ ਦੇ ਲਈ ਕਹਿਰ ਬਣੀ ਪਈ ਹੈ ਅਤੇ ਦੂਸਰੇ ਪਾਸੇ ਇਹ ਸੜਕ ਹਾਦਸਿਆਂ ਦੇ ਲਈ ਵੀ ਵੱਡਾ ਕਾਰਨ ਬਣ ਰਹੀ ਹੈ। ਆਏ ਦਿਨ ਹੀ ਪੰਜਾਬ ਦੇ ਵਿੱਚ ਸੰਘਣੀ ਧੁੰਦ ਦੇ ਕੋਹਰੇ ਦੇ ਕਾਰਨ ਸੜਕ ਹਾਦਸੇ ਵਾਪਰ ਰਹੇ ਹਨ ਅਤੇ ਇਹਨਾਂ ਹਾਦਸੇ ਦੇ ਦੌਰਾਨ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਖਾਸ ਕਰਕੇ ਸ਼ਹਿਰਾਂ ਦੇ ਨਾਲ ਲੱਗਦੇ ਹਾਈਵੇਆਂ ‘ਤੇ ਧੁੰਦ ਦਾ ਕੋਹਰਾ ਹੁੰਦਾ ਅਤੇ ਇਨ੍ਹਾਂ ਸੜਕਾਂ ‘ਤੇ ਵਾਹਨਾਂ ਦੀ ਆਵਾਜਾਈ ਵੀ ਜ਼ਿਆਦਾ ਹੁੰਦੀ ਹੈ, ਜਿਸ ਦੇ ਕਾਰਨ ਇਹਨਾਂ ਸੜਕਾਂ ‘ਤੇ ਅਕਸਰ ਹੀ ਧੁੰਦ ਦੇ ਕਾਰਨ ਐਕਸੀਡੈਂਟ ਹੁੰਦੇ ਹਨ।
ਬਰਨਾਲਾ-ਲੁਧਿਆਣਾ ਹਾਈਵੇਅ ‘ਤੇ ਪਿੰਡ ਵਜੀਦਕੇ ਦੇ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਦਰਦਨਾਕ ਹਾਦਸੇ ‘ਚ ਇੱਕ ਨੌਜਵਾਨ ਲੜਕੀ ਦੀ ਮੌਤ ਹੋ ਗਈ ਅਤੇ ਵੱਡੀ ਗਿਣਤੀ ‘ਚ ਲੋਕ ਜ਼ਖਮੀ ਹੋਏ ਹਨ। ਇਸ ਹਾਦਸੇ ਦੇ ਦੌਰਾਨ ਜ਼ਖਮੀ ਹੋਏ ਲੋਕਾਂ ਨੂੰ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਮੌਕੇ ‘ਤੇ ਵਾਪਰੇ ਇਸ ਹਾਦਸੇ ‘ਚ 5 ਦੇ ਕਰੀਬ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਵਾਹਨਾਂ ਵਿੱਚ ਇੱਟਾਂ ਨਾਲ ਲੱਦੀ ਟਰੈਕਟਰ ਟਰਾਲੀ, ਸਵਾਰੀਆਂ ਨਾਲ ਲੱਦੀ ਪੀਆਰਟੀਸੀ ਬੱਸ ਅਤੇ ਹੋਰ ਵੀ ਕਈ ਵਾਹਨ ਆਪਸ ‘ਚ ਟਕਰਾਅ ਗਏ। ਮੌਕੇ ‘ਤੇ ਪਹੁੰਚੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਧੁੰਦ ਕਾਰਨ ਵਾਪਰਿਆ ਹੈ, ਜਿਸ ‘ਚ ਕਈ ਵਾਹਨ ਆਪਸ ‘ਚ ਟਕਰਾਅ ਗਏ। ਉਨ੍ਹਾਂ ਦਸਿਆ ਕਿ ਇਸ ਹਾਦਸੇ’ਚ ਕਰੀਬ 7 ਮਰੀਜ਼ ਸਰਕਾਰੀ ਹਸਪਤਾਲ ‘ਚ ਦਾਖਲ ਹਨ ਅਤੇ ਕੁਝ ਮਰੀਜ਼ ਨਿੱਜੀ ਹਸਪਤਾਲਾਂ ‘ਚ ਵੀ ਦਾਖਲ ਹਨ ਅਤੇ ਮੌਕੇ ‘ਤੇ ਇਕ ਲੜਕੀ ਦੀ ਮੌਤ ਹੋ ਗਈ ਹੈ।
EDITED BY- HARLEEN KAUR