ਸੰਘਣੀ ਧੁੰਦ ਅਤੇ ਠੰਢ ਕਰਕੇ ਚੰਡੀਗੜ੍ਹ ਦੇ ਸਾਰੇ ਸਰਕਾਰੀ/ਸਰਕਾਰੀ ਸਹਾਇਤਾ ਪ੍ਰਾਪਤ ਤੇ ਨਿੱਜੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਡਾਇਰੈਕਟਰ ਸਕੂਲ ਸਿੱਖਿਆ ਨੇ ਪ੍ਰੈੱਸ ਰਿਲੀਜ਼ ਵਿਚ ਸਕੂਲਾਂ ਦਾ ਸਮਾਂ ਤਬਦੀਲ ਕਰਨ ਬਾਰੇ ਜਾਣਕਾਰੀ ਦਿੱਤੀ ਹੈ।
ਇਸ ਮੁਤਾਬਕ ਸਰਕਾਰੀ ਸਕੂਲ/ਸਰਕਾਰੀ ਏਡਿਡ ਸਕੂਲਾਂ ਦਾ ਸਮਾਂ 13 ਜਨਵਰੀ ਤੋਂ 18 ਜਨਵਰੀ ਤੱਕ ਬਦਲਿਆ ਗਿਆ ਹੈ। ਸਿੰਗਲ ਸ਼ਿਫਟ ਵਾਲੇ ਸਕੂਲ: ਸਾਰੀਆਂ ਕਲਾਸਾਂ 9:30 ਵਜੇ ਤੋਂ 2:30 ਵਜੇ ਲੱਗਣਗੀਆਂ। ਜਦ ਕਿ ਡਬਲ ਸ਼ਿਫਟ ਵਾਲੇ ਸਕੂਲ: ਪਹਿਲੀ ਤੋਂ 5ਵੀਂ ਕਲਾਸ- ਦੁਪਹਿਰ 12:30 ਵਜੇ ਤੋਂ ਸ਼ਾਮੀਂ 3:30 ਵਜੇ ਤੱਕ, 6ਵੀਂ ਕਲਾਸ ਤੋਂ ਉਪਰ – ਸਵੇਰੇ 9:30 ਵਜੇ ਤੋਂ ਬਾਅਦ ਦੁਪਹਿਰ 2:30 ਵਜੇ ਤੱਕ ਲੱਗਣਗੀਆ।
ਉਧਰ, ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਨੂੰ ਕੜਾਕੇ ਦੀ ਸਰਦੀ ਅਤੇ ਸੰਘਣੀ ਧੁੰਦ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲੀ ਬੱਚਿਆਂ ਦੀ ਸਹੂਲਤ ਲਈ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਬਦਲਣ ਦੀ ਸਿਫ਼ਾਰਸ਼ ਕੀਤੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਕਾਰਨ ਸਕੂਲ ਜਾਣ ਵਾਲੇ ਬੱਚਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਅੱਤ ਦੀ ਠੰਢ ਕਾਰਨ ਛੋਟੇ ਬੱਚੇ ਸਕੂਲ ਆਉਣ ਤੋਂ ਪ੍ਰਹੇਜ਼ ਕਰ ਰਹੇ ਹਨ। ਉਨ੍ਹਾਂ ਸਕੂਲੀ ਬੱਚਿਆਂ ਦੀ ਸਹੂਲਤ ਲਈ ਪੰਜਾਬ ਸਕੂਲ ਸਿੱਖਿਆ ਵਿਭਾਗ ਨੂੰ 31 ਜਨਵਰੀ ਤੱਕ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ ਵਧਾ ਕੇ ਸਵੇਰੇ 10 ਵਜੇ ਕਰਨ ਦੀ ਸਿਫ਼ਾਰਸ਼ ਕੀਤੀ ਹੈ।