ਗੁਰਦਾਸਪੁਰ ‘ਚ ਨਹੀਂ ਦਿਖਾਈ ਗਈ ਐਮਰਜੈਂਸੀ ਫਿਲਮ
ਪੂਰੇ ਪੰਜਾਬ ਵਿੱਚ ਐਮਰਜੈਂਸੀ ਫਿਲਮ ਦੇ ਖਿਲਾਫ ਪ੍ਰਦਰਸ਼ਨ ਵੇਖਣ ਨੂੰ ਮਿਲ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਦਾ ਵਿਰੋਧ ਜਤਾਇਆ ਜਾ ਰਿਹਾ ਹੈ। ਸਿੱਖ ਭਾਈਚਾਰੇ ਨੂੰ ਇਤਰਾਜ ਹੈ ਕਿ ਇਸ ਫਿਲਮ ਵਿੱਚ ਸਿੱਖਾਂ ਨੂੰ ਗਲਤ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਇਸ ਲਈ ਫਿਲਮ ਨੂੰ ਪੰਜਾਬ ਵਿੱਚ ਕਿਸੇ ਵੀ ਸਿਨੇਮਾ ਘਰ ਵਿੱਚ ਦਿਖਾਉਣ ਨਹੀਂ ਦਿੱਤਾ ਜਾਵੇਗਾ। ਵਿਰੋਧ ਦੇ ਚਲਦਿਆਂ ਕਈ ਮਾੱਲ ਇਸ ਫਿਲਮ ਦਾ ਪ੍ਰਦਰਸ਼ਨ ਰੋਕ ਵੀ ਚੁੱਕੇ ਹਨ। ਗੱਲ ਗੁਰਦਾਸਪੁਰ ਦੀ ਕਰੀਏ ਤਾਂ ਗੁਰਦਾਸਪੁਰ ਵਿੱਚ ਇਸ ਤਰ੍ਹਾਂ ਦਾ ਕੋਈ ਪ੍ਰਦਰਸ਼ਨ ਵੇਖਣ ਨੂੰ ਨਹੀਂ ਮਿਲਿਆ ਕਿਉਂਕਿ ਸ਼ਹਿਰ ਦੇ ਇਕਲੌਤੇ ਮਿਰਾਜ ਏ ਜੀ ਐਮ ਮਾੱਲ ਵਿਖੇ ਇਹ ਫਿਲਮ ਲਗਾਈ ਹੀ ਨਹੀਂ ਗਈ।
ਪ੍ਰਬੰਧਕਾਂ ਦਾ ਕਹਿਣਾ ਹੈ ਕਿ ਭਾਰੀ ਵਿਰੋਧ ਨੂੰ ਵੇਖਦੇ ਹੋਏ, ਇਸ ਫਿਲਮ ਨੂੰ ਵਿਖਾਉਣ ਦਾ ਫੈਸਲਾ ਉਹਨਾਂ ਵੱਲੋਂ ਇੱਕ ਦਿਨ ਪਹਿਲਾਂ ਹੀ ਕੈਂਸਲ ਕਰ ਦਿੱਤਾ ਗਿਆ ਸੀ। ਹਾਲਾਂਕਿ ਫਿਲਮ ਰਿਲੀਜ਼ ਹੋਣ ਦਾ ਗੁਰਦਾਸਪੁਰ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਵੀ ਰੋਸ ਜਤਾਇਆ ਜਾ ਰਿਹਾ ਹੈ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਕੇ ਇਸ ਦੇ ਖਿਲਾਫ ਮੰਗ ਪੱਤਰ ਦੇਣ ਦੀ ਵੀ ਗੱਲ ਕਹੀ ਜਾ ਰਹੀ ਹੈ ਪਰ ਇਹ ਵਿਰੋਧ ਸੜਕਾਂ ਤੇ ਨਹੀਂ ਆਇਆ ਹੈ ਤੇ ਫਿਲਮ ਨੂੰ ਲੈ ਕੇ ਗੁਰਦਾਸਪੁਰ ਵਿੱਚ ਮਾਹੌਲ ਸ਼ਾਂਤਮਈ ਰਿਹਾ।