
ਪੰਜਾਬ ਪੁਲਿਸ ਨੇ ਮਹਾਰਾਸ਼ਟਰ ਦੇ ਮਸ਼ਹੂਰ ਪਹਲਵਾਨ ਸਿਕੰਦਰ ਸ਼ੇਖ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ, ਉਸ ‘ਤੇ ਗੈਰਕਾਨੂੰਨੀ ਢੰਗ ਨਾਲ ਹਥਿਆਰ ਖਰੀਦਣ ਦੇ ਦੋਸ਼ ਲੱਗੇ ਹਨ। ਇਸ ਗ੍ਰਿਫ਼ਤਾਰੀ ਤੋਂ ਬਾਅਦ ਮਹਾਰਾਸ਼ਟਰ ਦੇ ਕੁਸ਼ਤੀ ਜਗਤ ਵਿੱਚ ਹੜਕੰਪ ਮਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਿਕੰਦਰ ਨੇ 2 ਲੱਖ ਰੁਪਏ ‘ਚ 2 ਪਿਸਤੌਲ ਖਰੀਦਣ ਦੀ ਕੋਸ਼ਿਸ਼ ਕੀਤੀ ਸੀ। ਪੰਜਾਬ ਪੁਲਿਸ ਨੇ ਇਸ ਪਹਲਵਾਨ ਨੂੰ ਮੋਹਾਲੀ ਦੇ ਖਰੜ ਥਾਣਾ ਖੇਤਰ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਦੇ ਮੁਤਾਬਕ, ਸਿਕੰਦਰ ਨੇ ਇਹ ਹਥਿਆਰ ਕਿਸੇ ਅਪਰਾਧਕ ਮਕਸਦ ਨਾਲ ਨਹੀਂ, ਸਗੋਂ ਆਪਣੇ ਦੋਸਤ ਦੇ ਵਿਆਹ ‘ਚ “ਹਵਾਈ ਫਾਇਰ” ਕਰਨ ਲਈ ਮੰਗਵਾਏ ਸਨ। ਪਹਿਲਵਾਨ ਸਿਕੰਦਰ ਦਾ ਦਾਅਵਾ ਹੈ ਕਿ ਉਸਨੇ ਇਹ ਪਿਸਤੌਲ ਸਿਰਫ਼ ਵਿਆਹ ‘ਚ ਦਿਖਾਵੇ ਲਈ ਖਰੀਦੀਆਂ ਸਨ। ਪਰ ਹੁਣ ਇਹ ਮਾਮਲਾ ਉਸ ਲਈ ਮਹਿੰਗਾ ਸਾਬਤ ਹੋਇਆ ਹੈ। ਪਹਿਲਵਾਨ ਸਿਕੰਦਰ ਨੂੰ 2 ਦਿਨ ਦੀ ਪੁਲਿਸ ਰਿਮਾਂਡ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ਹੈ।
ਸਿਕੰਦਰ ਪਿਛਲੇ 6 ਮਹੀਨਿਆਂ ਤੋਂ ਮੋਹਾਲੀ ਵਿੱਚ ਕੁਸ਼ਤੀ ਦੀ ਟ੍ਰੇਨਿੰਗ ਲੈ ਰਿਹਾ ਸੀ। ਉੱਥੇ ਉਸਦੀ ਮੁਲਾਕਾਤ ਇੱਕ ਗੁੱਜਰ ਪਹਿਲਵਾਨ ਨਾਲ ਹੋਈ, ਜਿਸਨੇ ਉਸਨੂੰ ਹਥਿਆਰ ਦੇਣ ਦੀ ਪੇਸ਼ਕਸ਼ ਕੀਤੀ। ਇਸ ਲਈ ਸਿਕੰਦਰ ਨੇ ਲਗਭਗ 40 ਤੋਂ 45 ਹਜ਼ਾਰ ਰੁਪਏ ਐਡਵਾਂਸ ਨਕਦ ਦਿੱਤੇ ਸਨ। ਇਸ ਦੌਰਾਨ ਸਿਕੰਦਰ ਨੇ ਗੁੱਜਰ ਪਹਿਲਵਾਨ ਤੋਂ ਪਾਕਿਸਤਾਨੀ “ਗਲੋਬ” ਮਾਡਲ ਦੀ ਪਿਸਤੌਲ ਦੀ ਕਾਰਬਨ ਕਾਪੀ ਮੰਗੀ ਸੀ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਗ੍ਰਿਫ਼ਤਾਰ ਸਿਕੰਦਰ ਹੋਰ 3 ਮਾਮਲਿਆਂ ‘ਚ ਵੀ ਸ਼ਾਮਲ ਹੈ ਅਤੇ ਪਹਿਲਾਂ ਵੀ ਹਥਿਆਰਾਂ ਦੀ ਸਪਲਾਈ, ਕਤਲ ਅਤੇ ਵਸੂਲੀ ਦੇ ਮਾਮਲਿਆਂ ‘ਚ ਫਸ ਚੁੱਕਾ ਹੈ।
ਇਸ ਦੌਰਾਨ ਪੁਲਿਸ ਨੇ ਛਾਪੇਮਾਰੀ ਕਰਕੇ ਸਿਕੰਦਰ ਤੋਂ 5 ਗੈਰਕਾਨੂੰਨੀ ਪਿਸਤੌਲ, ਗੋਲਾ-ਬਾਰੂਦ, ਨਕਦੀ ਅਤੇ 3 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ। ਪੁਲਿਸ ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਪਹਿਲਵਾਨ ਸਿਕੰਦਰ ਦੇ ਰਾਜਸਥਾਨ ਦੇ ਪਾਪਲਾ ਗੁੱਜਰ ਗੈਂਗ ਨਾਲ ਸੰਬੰਧ ਹੋ ਸਕਦੇ ਹਨ। ਇਸ ਮਾਮਲੇ ਨੂੰ ਲੈ ਕੇ ਮਹਾਰਾਸ਼ਟਰ ਦੇ ਕਈ ਨੇਤਾਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਗੱਲਬਾਤ ਕੀਤੀ ਹੈ। ਮਹਾਰਾਸ਼ਟਰ ਦੇ ਕਈ ਪਹਿਲਵਾਨ ਵੀ ਸਿਕੰਦਰ ਦੇ ਹੱਕ ‘ਚ ਆਏ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਪਹਿਲਵਾਨ ਸਿਕੰਦਰ ਅਜਿਹਾ ਕੁਝ ਨਹੀਂ ਕਰ ਸਕਦਾ।
EDITED BY- HARLEEN KAUR




