
ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਔਜਲਾ ਨੂੰ ਲੈ ਕੇ ਅਜਿਹੀ ਖਬਰ ਸਾਹਮਣੇ ਆਈ ਹੈ, ਜਿਸਨੇ ਸੰਗੀਤ ਜਗਤ ਵਿੱਚ ਹਲਚਲ ਮਚਾ ਦਿੱਤੀ ਹੈ। ਦੱਸ ਦੇਈਏ ਕਿ ਕੈਨੇਡਾ ਵਿੱਚ ਜਨਮੀਂ ਰੈਪਰ ਅਤੇ ਅਦਾਕਾਰਾ ਮਿਸ ਗੋਰੀ ਨੇ ਕਰਨ ਔਜਲਾ ‘ਤੇ ਵਿਆਹ ਤੋਂ ਬਾਅਦ ਵੀ ਕਿਸੇ ਹੋਰ ਨਾਲ ਸਬੰਧ (ਐਕਸਟਰਾ ਮੈਰੀਟਲ ਅਫੇਅਰ) ਰੱਖਣ ਦੇ ਗੰਭੀਰ ਦੋਸ਼ ਲਗਾਏ ਹਨ।
ਅਦਾਕਾਰਾ ਮੁਤਾਬਕ ਕਰਨ ਔਜਲਾ ਨਾਲ ਉਸ ਦਾ ਨਿੱਜੀ ਰਿਸ਼ਤਾ ਰਿਹਾ ਸੀ। ਉਸ ਨੇ ਦਾਅਵਾ ਕੀਤਾ ਕਿ ਜਦੋਂ ਇਹ ਅਫੇਅਰ ਚੱਲ ਰਿਹਾ ਸੀ, ਉਦੋਂ ਉਸ ਨੂੰ ਗਾਇਕ ਦੇ ਵਿਆਹੁਤਾ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿਉਂਕਿ ਕਰਨ ਨੇ ਆਪਣੇ ਵਿਆਹ ਦੀ ਗੱਲ ਲੁਕਾ ਕੇ ਰੱਖੀ ਸੀ। ਮਿਸ ਗੋਰੀ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਉਸ ਨੂੰ ਚੁੱਪ ਕਰਵਾਉਣ ਅਤੇ ਜਨਤਕ ਤੌਰ ‘ਤੇ ਬਦਨਾਮ ਕਰਨ ਲਈ ਕਰਨ ਔਜਲਾ ਦੀ ਟੀਮ ਨੇ ਭਾਰਤੀ ਇੰਫਲੂਐਂਸਰਾਂ ਨਾਲ ਸੰਪਰਕ ਕੀਤਾ ਸੀ ਤਾਂ ਜੋ ਉਸ ਬਾਰੇ ਝੂਠੀਆਂ ਅਫ਼ਵਾਹਾਂ ਫੈਲਾਈਆਂ ਜਾ ਸਕਣ।
ਗਾਇਕ ਔਜਲਾ ਨੇ ਸਾਲ 2023 ਵਿੱਚ ਮੈਕਸੀਕੋ ਵਿੱਚ ਪਲਕ ਨਾਲ ਵਿਆਹ ਕਰਵਾਇਆ ਸੀ। ਰਿਪੋਰਟਾਂ ਮੁਤਾਬਕ ਉਹ ਦੋਵੇਂ ਬਚਪਨ ਤੋਂ ਇੱਕ-ਦੂਜੇ ਨੂੰ ਜਾਣਦੇ ਸਨ ਅਤੇ ਲਗਭਗ ਇੱਕ ਦਹਾਕੇ ਤੱਕ ਨਾਲ ਰਹਿਣ ਤੋਂ ਬਾਅਦ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਪਲਕ ਕੈਨੇਡਾ ਵਿੱਚ ਇੱਕ ਮਸ਼ਹੂਰ ਮੇਕਅੱਪ ਆਰਟਿਸਟ ਅਤੇ ਇੱਕ ਸੈਲੂਨ ਦੀ ਸੀ.ਈ.ਓ. ਹੈ। ਕਰਨ ਔਜਲਾ ਨੂੰ ਅਕਸਰ ਪੋਡਕਾਸਟਾਂ ਵਿੱਚ ਆਪਣੀ ਪਤਨੀ ਪ੍ਰਤੀ ਪਿਆਰ ਜ਼ਾਹਰ ਕਰਦੇ ਦੇਖਿਆ ਗਿਆ ਸੀ, ਜਿਸ ਕਾਰਨ ਪ੍ਰਸ਼ੰਸਕ ਉਨ੍ਹਾਂ ਨੂੰ ਇੱਕ ਆਈਡਲ ਹਸਬੈਂਡ’ ਮੰਨਦੇ ਸਨ, ਪਰ ਹੁਣ ਇਨ੍ਹਾਂ ਇਲਜ਼ਾਮਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਫਿਲਹਾਲ ਕਰਨ ਔਜਲਾ ਜਾਂ ਉਨ੍ਹਾਂ ਦੀ ਟੀਮ ਵੱਲੋਂ ਇਨ੍ਹਾਂ ਦੋਸ਼ਾਂ ‘ਤੇ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ ਪ੍ਰਸ਼ੰਸਕ ਵੀ ਗਾਇਕ ਦੇ ਜਵਾਬ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
EDITED BY- HARLEEN KAUR




