टॉप न्यूज़
ਇਕੋ ਘਰ ਦੇ 4 ਜਵਾਨ ਪੁੱਤਰਾਂ ਦੀ ਮੌਤ
ਕਪੂਰਥਲਾ ਦੇ ਸ੍ਰੀ ਸੂਲਤਾਨਪੁਰ ਲੋਧੀ ਦੇ ਮੋਹੱਲਾ ਪੰਡੋਰੀ ਤੋਂ ਇਕ ਦਿਲ ਨੂੰ ਝੰਝੋੜ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਹੀ ਪਰਿਵਾਰ ਦੇ ਚਾਰ ਨੌਜਵਾਨ ਪੁੱਤਰ ਨਸ਼ੇ ਦੀ ਲਪੇਟ ਵਿੱਚ ਆ ਕੇ ਆਪਣੀ ਜਾਨ ਗੁਆ ਬੈਠੇ ਹਨ। ਇਸ ਦਰਦਨਾਕ ਹਾਦਸੇ ਨੇ ਪੂਰੇ ਇਲਾਕੇ ਨੂੰ ਸੋਗ ਵਿੱਚ ਡੁੱਬੋ ਦਿੱਤਾ ਹੈ, ਜਦਕਿ ਪਰਿਵਾਰ ਦਾ ਪੰਜਵਾਂ ਪੁੱਤਰ ਵੀ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਹੈ।
ਇਸ ਘਟਨਾ ਤੋਂ ਬਾਅਦ ਮੋਹੱਲੇ ਵਿੱਚ ਗਹਿਰਾ ਦੁੱਖ ਛਾਇਆ ਹੋਇਆ ਹੈ। ਸਥਾਨਕ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ‘ਤੇ ਚਿੰਤਾ ਜਤਾ ਰਹੇ ਹਨ। ਹਰ ਪਾਸੇ ਇੱਕੋ ਗੱਲ ਸੁਣਨ ਨੂੰ ਮਿਲ ਰਹੀ ਹੈ—ਨਸ਼ੇ ਨੇ ਇੱਕ ਹੋਰ ਘਰ ਉਜਾੜ ਦਿੱਤਾ।
ਪੀੜਤ ਮਾਂ ਦਾ ਦੁੱਖ ਬਿਆਨ ਕਰਨਾ ਮੁਸ਼ਕਲ ਹੈ। ਅੱਖਾਂ ‘ਚ ਹੰਝੂ ਅਤੇ ਦਿਲ ‘ਚ ਦਰਦ ਲੈ ਕੇ ਉਸਨੇ ਦੱਸਿਆ ਕਿ ਉਸਦੇ ਪੁੱਤਰ ਹੌਲੀ-ਹੌਲੀ ਨਸ਼ੇ ਦੀ ਆਦਤ ਦਾ ਸ਼ਿਕਾਰ ਬਣਦੇ ਗਏ। ਉਸਨੇ ਕਿਹਾ ਕਿ ਪਰਿਵਾਰ ਵੱਲੋਂ ਇਲਾਜ ਵੀ ਕਰਵਾਇਆ ਗਿਆ, ਪਰ ਕਿਸਮਤ ਨੇ ਸਾਥ ਨਹੀਂ ਦਿੱਤਾ ਅਤੇ ਇੱਕ-ਇੱਕ ਕਰਕੇ ਚਾਰ ਪੁੱਤਰ ਉਸ ਤੋਂ ਛਿਨ ਗਏ।
ਮਾਂ ਨੇ ਰੋਦੇ ਹੋਏ ਕਿਹਾ ਕਿ ਨਸ਼ੇ ਨੇ ਉਸਦੇ ਘਰ ਦੀਆਂ ਸਾਰੀਆਂ ਖੁਸ਼ੀਆਂ ਖਤਮ ਕਰ ਦਿੱਤੀਆਂ ਹਨ। ਇੱਕ ਸਮੇਂ ਹੱਸਦਾ-ਖੇਡਦਾ ਪਰਿਵਾਰ ਹੁਣ ਤਬਾਹ ਹੋ ਚੁੱਕਾ ਹੈ ਅਤੇ ਉਹ ਆਪਣੇ ਬੱਚਿਆਂ ਦੇ ਗਮ ਵਿੱਚ ਟੁੱਟ ਚੁੱਕੀ ਹੈ।
ਇਸ ਮਾਮਲੇ ਨੇ ਸਥਾਨਕ ਲੋਕਾਂ ਵਿੱਚ ਵੀ ਗੁੱਸਾ ਪੈਦਾ ਕਰ ਦਿੱਤਾ ਹੈ। ਇਲਾਕੇ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇੱਥੇ ਨਸ਼ਾ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ, ਜਿਸ ਕਾਰਨ ਨੌਜਵਾਨ ਇਸਦੀ ਲਪੇਟ ਵਿੱਚ ਆ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ, ਪਰ ਕੋਈ ਢੰਗ ਦੀ ਕਾਰਵਾਈ ਨਹੀਂ ਹੋਈ।
ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ। ਉਨ੍ਹਾਂ ਨੇ ਖਾਸ ਮੁਹਿੰਮ ਚਲਾ ਕੇ ਇਸ ਬਲਾਅ ਨੂੰ ਜੜੋਂ ਖਤਮ ਕਰਨ ਦੀ ਮੰਗ ਕੀਤੀ ਹੈ।
ਇਹ ਘਟਨਾ ਇੱਕ ਵਾਰ ਫਿਰ ਪੰਜਾਬ ਵਿੱਚ ਵੱਧ ਰਹੀ ਨਸ਼ੇ ਦੀ ਸਮੱਸਿਆ ਨੂੰ ਬੇਨਕਾਬ ਕਰਦੀ ਹੈ। ਮਾਹਿਰਾਂ ਅਤੇ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਸਮੇਂ ਸਿਰ ਸਖ਼ਤ ਅਤੇ ਪ੍ਰਭਾਵੀ ਕਦਮ ਨਾ ਚੁੱਕੇ ਗਏ, ਤਾਂ ਅਜਿਹੀਆਂ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਹੋਰ ਵੀ ਵੱਧ ਸਕਦੀਆਂ ਹਨ।
EDITED BY- HARLEEN KAUR




