
ਅੰਮ੍ਰਿਤਸਰ-ਪਠਾਨਕੋਟ ਹਾਈਵੇ ’ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਨੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਖੋਹ ਲਈਆਂ। ਕੰਮ ਸਬੰਧੀ ਪਠਾਨਕੋਟ ਆ ਰਹੇ ਤਿੰਨ ਨੌਜਵਾਨਾਂ ਦੀ ਮੋਟਰਸਾਈਕਲ ਅਚਾਨਕ ਡਿਵਾਈਡਰ ਨਾਲ ਟਕਰਾ ਗਈ, ਜਿਸ ਕਾਰਨ ਇੱਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸਦੇ ਦੋ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਜਾਣਕਾਰੀ ਅਨੁਸਾਰ ਇਹ ਹਾਦਸਾ ਅੰਮ੍ਰਿਤਸਰ-ਪਠਾਨਕੋਟ ਹਾਈਵੇ ’ਤੇ ਉਸ ਵੇਲੇ ਵਾਪਰਿਆ ਜਦੋਂ ਤਿੰਨ ਨੌਜਵਾਨ ਇੱਕੋ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਠਾਨਕੋਟ ਵੱਲ ਜਾ ਰਹੇ ਸਨ। ਰਾਹ ਵਿੱਚ ਅਚਾਨਕ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿਵਾਈਡਰ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੌਕੇ ’ਤੇ ਹੀ ਹੜਕੰਪ ਮਚ ਗਿਆ।
ਹਾਦਸੇ ਨੂੰ ਦੇਖ ਕੇ ਰਾਹਗੀਰ ਤੁਰੰਤ ਮਦਦ ਲਈ ਅੱਗੇ ਆਏ। ਉਨ੍ਹਾਂ ਵੱਲੋਂ ਫੌਰੀ ਤੌਰ ’ਤੇ ਐਂਬੂਲੈਂਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪਰ ਇਸ ਤੋਂ ਪਹਿਲਾਂ ਹੀ ਇੱਕ ਨੌਜਵਾਨ ਆਪਣੀ ਜ਼ਿੰਦਗੀ ਦੀ ਜੰਗ ਹਾਰ ਚੁੱਕਾ ਸੀ।
ਮ੍ਰਿਤਕ ਦੀ ਪਛਾਣ 22 ਸਾਲਾ ਵੰਸ਼ ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਵੰਸ਼ ਮੇਲਿਆਂ ਵਿੱਚ ਝੂਲਿਆਂ ਦਾ ਕੰਮ ਕਰਦਾ ਸੀ ਅਤੇ ਆਪਣੇ ਸਾਥੀਆਂ ਨਾਲ ਰੋਜ਼ਗਾਰ ਸਬੰਧੀ ਕੰਮ ਲਈ ਪਠਾਨਕੋਟ ਆ ਰਿਹਾ ਸੀ।
ਵੰਸ਼ ਦੇ ਪਿਤਾ ਵਿਸ਼ਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸ਼ਾਇਦ ਮੋਟਰਸਾਈਕਲ ਚਾਲਕ ਨੂੰ ਰਸਤੇ ਵਿੱਚ ਨੀਂਦ ਦੀ ਝਪਕੀ ਆ ਗਈ ਹੋਵੇ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਦੂਜੇ ਪਾਸੇ ਹਾਦਸੇ ਵਿੱਚ ਜ਼ਖ਼ਮੀ ਹੋਏ ਨੌਜਵਾਨ ਸੰਨੀ ਨੇ ਵੱਖਰਾ ਕਾਰਨ ਦੱਸਦਿਆਂ ਕਿਹਾ ਕਿ ਸਫ਼ਰ ਦੌਰਾਨ ਅਚਾਨਕ ਉਸਦੀ ਅੱਖ ਵਿੱਚ ਮਿੱਟੀ ਜਾਂ ਕੋਈ ਹੋਰ ਚੀਜ਼ ਚਲੀ ਗਈ ਸੀ, ਜਿਸ ਨਾਲ ਮੋਟਰਸਾਈਕਲ ਦਾ ਸੰਤੁਲਨ ਬਿਗੜ ਗਿਆ ਅਤੇ ਹਾਦਸਾ ਹੋ ਗਿਆ।
ਸੰਨੀ ਨੇ ਦੱਸਿਆ ਕਿ ਟੱਕਰ ਲੱਗਣ ਤੋਂ ਬਾਅਦ ਉਹ ਸੜਕ ਕਿਨਾਰੇ ਝਾੜੀਆਂ ਵਿੱਚ ਜਾ ਡਿੱਗਿਆ, ਜਿਸ ਕਾਰਨ ਉਸਦੀ ਜਾਨ ਬਚ ਗਈ। ਉਧਰ ਮੋਟਰਸਾਈਕਲ ਚਲਾ ਰਿਹਾ ਵੰਸ਼ ਸੜਕ ਦੇ ਕਿਨਾਰੇ ਫੁੱਟਪਾਥ ਨਾਲ ਬੁਰੀ ਤਰ੍ਹਾਂ ਟਕਰਾਇਆ ਅਤੇ ਗੰਭੀਰ ਸੱਟਾਂ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਤੀਜਾ ਜ਼ਖ਼ਮੀ ਨੌਜਵਾਨ ਵੀ ਉਨ੍ਹਾਂ ਦਾ ਸਾਥੀ ਸੀ ਅਤੇ ਤਿੰਨੇ ਇਕੱਠੇ ਕੰਮ ਕਰਦੇ ਸਨ।
ਸਿਵਲ ਹਸਪਤਾਲ ਦੇ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਰਾਹੁਲ ਸਹੋਤਾ ਨੇ ਦੱਸਿਆ ਕਿ ਹਸਪਤਾਲ ਵਿੱਚ ਦਾਖ਼ਲ ਕਰਵਾਏ ਗਏ ਦੋਵੇਂ ਜ਼ਖ਼ਮੀਆਂ ਦੀ ਹਾਲਤ ਇਸ ਸਮੇਂ ਸਥਿਰ ਹੈ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਇਲਾਜ ਜਾਰੀ ਹੈ।
ਇਸ ਦੌਰਾਨ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਵਿੱਚ ਜੁਟੇ ਹੋਏ ਹਨ। ਪੋਸਟਮਾਰਟਮ ਦੀ ਕਾਰਵਾਈ ਤੋਂ ਬਾਅਦ ਮ੍ਰਿਤਕ ਦੀ ਦੇਹ ਪਰਿਵਾਰ ਨੂੰ ਸੌਂਪੀ ਜਾਵੇਗੀ, ਜਿਸ ਤੋਂ ਬਾਅਦ ਉਸਦਾ ਅੰਤਿਮ ਸੰਸਕਾਰ ਅੰਮ੍ਰਿਤਸਰ ਵਿੱਚ ਕੀਤਾ ਜਾਵੇਗਾ।
EDITED BY- HARLEEN KAUR




