टॉप न्यूज़

ਮਸ਼ਹੂਰ ਸਵੀਟ ਹਾਊਸ ‘ਤੇ ਫਿਰ ਅੰਨ੍ਹੇਵਾਹ ਫਾਇਰਿੰਗ

ਸ਼ਟਰ 'ਚ ਲੱਗੀਆਂ 4 ਗੋਲੀਆਂ

ਤਰਨਤਾਰਨ ਦੇ ਪੱਟੀ ਸ਼ਹਿਰ ਦੇ ਬਾਜ਼ਾਰ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਅਣਪਛਾਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਮਸ਼ਹੂਰ ‘ਸ਼ਾਂਤੀ ਦੀ ਹੱਟੀ’ ਮਿਠਾਈ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਖਾਸ ਗੱਲ ਇਹ ਹੈ ਕਿ ਇਸੇ ਦੁਕਾਨ ‘ਤੇ ਕੁਝ ਹੀ ਦਿਨਾਂ ਅੰਦਰ ਇਹ ਦੂਜੀ ਵਾਰ ਗੋਲੀਬਾਰੀ ਹੋਈ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਦੁਕਾਨਦਾਰਾਂ ‘ਚ ਡਰ ਦਾ ਮਾਹੌਲ ਹੈ ਅਤੇ ਪੁਲਿਸ ਗਸ਼ਤ ‘ਤੇ ਵੀ ਸਵਾਲ ਉੱਠ ਰਹੇ ਹਨ।

ਜਾਣਕਾਰੀ ਮੁਤਾਬਕ ਇਹ ਘਟਨਾ ਦੇਰ ਰਾਤ ਕਰੀਬ 11 ਵਜੇ ਵਾਪਰੀ। ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਹਮਲਾਵਰ ਦੁਕਾਨ ਦੇ ਬਾਹਰ ਪਹੁੰਚੇ ਅਤੇ ਸ਼ਟਰ ‘ਤੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ। ਸ਼ਟਰ ‘ਚ 4 ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਗੋਲੀਆਂ ਚੱਲਣ ਦੀ ਆਵਾਜ਼ ਨਾਲ ਪੂਰਾ ਇਲਾਕਾ ਸਹਿਮ ਗਿਆ। ਵਾਰਦਾਤ ਤੋਂ ਬਾਅਦ ਦੋਵੇਂ ਹਮਲਾਵਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਖੁਸ਼ਕਿਸਮਤੀ ਨਾਲ ਘਟਨਾ ਸਮੇਂ ਦੁਕਾਨ ਬੰਦ ਸੀ, ਜਿਸ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਪੱਟੀ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਹਮਲਾਵਰਾਂ ਦੀ ਪਛਾਣ ਅਤੇ ਉਨ੍ਹਾਂ ਦੇ ਫਰਾਰ ਹੋਣ ਦੇ ਰਸਤੇ ਦਾ ਪਤਾ ਲਗਾਇਆ ਜਾ ਸਕੇ। ਲਗਾਤਾਰ ਦੂਜੀ ਵਾਰ ਹੋਈ ਗੋਲੀਬਾਰੀ ਕਾਰਨ ਦੁਕਾਨਦਾਰ ਵੀ ਡਰਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਡਰ ਦੇ ਕਾਰਨ ਉਸ ਨੇ ਅਜੇ ਤੱਕ ਪੁਲਿਸ ਨੂੰ ਰਸਮੀ ਬਿਆਨ ਦਰਜ ਨਹੀਂ ਕਰਵਾਇਆ।

ਜ਼ਿਕਰਯੋਗ ਹੈ ਕਿ ਇਸੇ ਦੁਕਾਨ ‘ਤੇ 11 ਸਤੰਬਰ 2026 ਨੂੰ ਵੀ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਉਸ ਸਮੇਂ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਹੁਣ ਕੁਝ ਹੀ ਹਫ਼ਤਿਆਂ ਬਾਅਦ ਮੁੜ ਗੋਲੀਬਾਰੀ ਹੋਣ ਕਾਰਨ ਇਲਾਕੇ ਦੇ ਵਪਾਰੀਆਂ ‘ਚ ਚਿੰਤਾ ਵਧ ਗਈ ਹੈ।

ਥਾਣਾ ਸਿਟੀ ਪੱਟੀ ਦੇ ਇੰਚਾਰਜ ਵਿਪਿਨ ਕੁਮਾਰ ਨੇ ਦੱਸਿਆ ਕਿ ਦੁਕਾਨਦਾਰ ਨੇ ਡਰ ਕਾਰਨ ਅਜੇ ਬਿਆਨ ਦਰਜ ਨਹੀਂ ਕਰਵਾਇਆ, ਪਰ ਪੁਲਿਸ ਨੇ ਆਪਣੀ ਤਰਫੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਟੀਮ ਨੂੰ ਸ਼ਟਰ ‘ਤੇ ਗੋਲੀਆਂ ਦੇ ਨਿਸ਼ਾਨ ਮਿਲੇ ਹਨ ਅਤੇ ਕੁਝ ਖੋਖੇ ਵੀ ਬਰਾਮਦ ਕੀਤੇ ਗਏ ਹਨ। ਥਾਣਾ ਇੰਚਾਰਜ ਮੁਤਾਬਕ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!