
ਬਿਹਾਰ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਮੁੱਖ ਮੰਤਰੀ ਨੀਤੀਸ਼ ਕੁਮਾਰ ਦੀ ਮੁਲਾਕਾਤ ਚਰਚਾ ਦਾ ਵਿਸ਼ਾ ਬਣ ਗਈ ਹੈ। ਸ਼ਨੀਵਾਰ ਨੂੰ ਪਟਨਾ ਏਅਰਪੋਰਟ ‘ਤੇ ਦੋਵਾਂ ਆਗੂਆਂ ਦੀ ਮੁਲਾਕਾਤ ਦੌਰਾਨ ਖਾਸ ਗਰਮਜੋਸ਼ੀ ਦੇਖਣ ਨੂੰ ਮਿਲੀ। ਨੀਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕੀਤਾ। ਇਸ ਦੌਰਾਨ ਦੋਵੇਂ ਆਗੂ ਇੱਕ-ਦੂਜੇ ਦੇ ਗਲੇ ਮਿਲਦੇ ਅਤੇ ਹੱਥ ਫੜ ਕੇ ਗੱਲਬਾਤ ਕਰਦੇ ਨਜ਼ਰ ਆਏ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਬਿਹਾਰ ਦੌਰੇ ‘ਤੇ ਪਟਨਾ ਪਹੁੰਚੇ ਸਨ। ਏਅਰਪੋਰਟ ‘ਤੇ ਸਾਬਕਾ ਮੁੱਖ ਮੰਤਰੀ ਨੀਤੀਸ਼ ਕੁਮਾਰ ਉਨ੍ਹਾਂ ਦੇ ਸਵਾਗਤ ਲਈ ਮੌਜੂਦ ਸਨ। ਦੋਵਾਂ ਆਗੂਆਂ ਦੀ ਮੁਲਾਕਾਤ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਚਰਚਾ ਤੇਜ਼ ਹੋ ਗਈ। ਇੱਕ ਤਸਵੀਰ ਵਿੱਚ PM ਮੋਦੀ ਅਤੇ ਨੀਤੀਸ਼ ਕੁਮਾਰ ਇੱਕ-ਦੂਜੇ ਦੇ ਗਲੇ ਵਿੱਚ ਬਾਂਹਾਂ ਪਾ ਕੇ ਮੁਸਕਰਾਉਂਦੇ ਨਜ਼ਰ ਆ ਰਹੇ ਹਨ, ਜਦਕਿ ਦੂਜੀ ਤਸਵੀਰ ਵਿੱਚ ਦੋਵੇਂ ਹੱਥ ਫੜ ਕੇ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ। ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ, ਜਦੋਂ ਬਿਹਾਰ ਵਿੱਚ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਸਮਰਾਟ ਚੌਧਰੀ ਸੰਭਾਲ ਰਹੇ ਹਨ ਅਤੇ ਨੀਤੀਸ਼ ਕੁਮਾਰ ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਵੀ ਜੇਡੀਯੂ ਦੇ ਕੌਮੀ ਪ੍ਰਧਾਨ ਵਜੋਂ ਸਰਗਰਮ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੀਤੀਸ਼ ਕੁਮਾਰ ਦੇ ਸਿਆਸੀ ਰਿਸ਼ਤੇ ਹਮੇਸ਼ਾ ਇੱਕੋ ਜਿਹੇ ਨਹੀਂ ਰਹੇ। ਸਾਲ 2013 ਵਿੱਚ ਭਾਜਪਾ ਵੱਲੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਚਿਹਰਾ ਬਣਾਏ ਜਾਣ ਤੋਂ ਬਾਅਦ ਨੀਤੀਸ਼ ਕੁਮਾਰ ਨੇ ਐਨਡੀਏ ਨਾਲੋਂ ਨਾਤਾ ਤੋੜ ਲਿਆ ਸੀ। ਇਸ ਤੋਂ ਬਾਅਦ ਸਾਲ 2017 ਵਿੱਚ ਨੀਤੀਸ਼ ਕੁਮਾਰ ਮੁੜ ਐਨਡੀਏ ਵਿੱਚ ਸ਼ਾਮਲ ਹੋ ਗਏ। ਹਾਲਾਂਕਿ, ਸਾਲ 2022 ਵਿੱਚ ਉਨ੍ਹਾਂ ਨੇ ਭਾਜਪਾ ਤੋਂ ਵੱਖ ਹੋ ਕੇ ਮਹਾਗਠਜੋੜ ਨਾਲ ਸਰਕਾਰ ਬਣਾਈ। ਜਨਵਰੀ 2024 ਵਿੱਚ ਉਨ੍ਹਾਂ ਨੇ ਇੱਕ ਵਾਰ ਫਿਰ ਐਨਡੀਏ ਵਿੱਚ ਵਾਪਸੀ ਕੀਤੀ। ਇਸ ਤਰ੍ਹਾਂ ਦੋਵਾਂ ਆਗੂਆਂ ਦੇ ਸਿਆਸੀ ਰਿਸ਼ਤਿਆਂ ਵਿੱਚ ਕਈ ਉਤਾਰ-ਚੜ੍ਹਾਅ ਆਏ, ਪਰ ਹਾਲੀਆ ਸਾਲਾਂ ਵਿੱਚ ਜਨਤਕ ਮੰਚਾਂ ‘ਤੇ ਦੋਵਾਂ ਦੀ ਇਕੱਠਿਆਂ ਮੌਜੂਦਗੀ ਅਤੇ ਆਪਸੀ ਗਰਮਜੋਸ਼ੀ ਵੀ ਚਰਚਾ ਵਿੱਚ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਹਾਰ ਦੌਰਾ ਕੱਚੀ ਦਰਗਾਹ-ਬਿਦੁਪੁਰ ਪੁਲ ਦੇ ਉਦਘਾਟਨ ਦੇ ਲਿਹਾਜ਼ ਨਾਲ ਵੀ ਮਹੱਤਵਪੂਰਨ ਰਿਹਾ। ਇਸ ਪੁਲ ਦਾ ਨਾਮ ‘ਨੀਤੀਸ਼ ਸੇਤੂ’ ਰੱਖਿਆ ਗਿਆ ਹੈ। ਕਰੀਬ 4,280 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ 19.7 ਕਿਲੋਮੀਟਰ ਲੰਬਾ ਛੇ ਮਾਰਗੀ ਪੁਲ ਪਟਨਾ ਦੇ ਕੱਚੀ ਦਰਗਾਹ ਨੂੰ ਵੈਸ਼ਾਲੀ ਦੇ ਬਿਦੁਪੁਰ ਨਾਲ ਜੋੜਦਾ ਹੈ। ਇਸ ਪੁਲ ਦੇ ਸ਼ੁਰੂ ਹੋਣ ਨਾਲ ਉੱਤਰੀ ਅਤੇ ਦੱਖਣੀ ਬਿਹਾਰ ਵਿਚਕਾਰ ਆਵਾਜਾਈ ਆਸਾਨ ਹੋਣ ਅਤੇ ਮਹਾਤਮਾ ਗਾਂਧੀ ਸੇਤੂ ਤੇ ਜੇਪੀ ਸੇਤੂ ‘ਤੇ ਟ੍ਰੈਫਿਕ ਦਾ ਦਬਾਅ ਘਟਣ ਦੀ ਉਮੀਦ ਹੈ। ਨੀਤੀਸ਼ ਕੁਮਾਰ ਦੇ ਨਾਮ ‘ਤੇ ਪੁਲ ਦਾ ਨਾਮ ਰੱਖੇ ਜਾਣ ਅਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਸ ਦਾ ਉਦਘਾਟਨ ਕੀਤੇ ਜਾਣ ਨੂੰ ਵੀ ਸਿਆਸੀ ਹਲਕਿਆਂ ਵਿੱਚ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਉੱਥੇ ਹੀ ਪਟਨਾ ਏਅਰਪੋਰਟ ‘ਤੇ ਦੋਵਾਂ ਆਗੂਆਂ ਦੀ ਮੁਲਾਕਾਤ ਦੀਆਂ ਤਸਵੀਰਾਂ ਨੇ ਇੱਕ ਵਾਰ ਫਿਰ ਉਨ੍ਹਾਂ ਦੀ ਸਿਆਸੀ ਸਾਂਝ ਨੂੰ ਸੁਰਖੀਆਂ ਵਿੱਚ ਲਿਆ ਦਿੱਤਾ ਹੈ।
EDITED BY- HARLEEN KAUR



