Passport ਬਣਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ

ਪਾਸਪੋਰਟ ਬਣਾਉਣ ਵਾਲਿਆਂ ਨੂੰ ਲੈਕੇ ਜ਼ਰੂਰੀ ਖਬਰ ਸਾਹਮਣੇ ਆਈ ਹੈ। ਇੱਥੇ ਤੁਹਾਨੂੰ ਦੱਸ ਦਈਏ ਕਿ ਰਿਜ਼ਨਲ ਪਾਸਪੋਰਟ ਅਧਿਕਾਰੀ ਯਸ਼ਪਾਲ ਨੇ ਦੱਸਿਆ ਕਿ 25 ਫਰਵਰੀ, 2026 ਨੂੰ ਰਿਜ਼ਨਲ ਪਾਸਪੋਰਟ ਦਫ਼ਤਰ, ਐਸਸੀਓ ਨੰਬਰ 42-51, ਪਾਕੇਟ 1, ਬੱਸ ਸਟੈਂਡ, ਜਲੰਧਰ ਨੇੜੇ ਇੱਕ ਪਾਸਪੋਰਟ ਅਦਾਲਤ ਲਗਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਪਾਸਪੋਰਟ ਅਦਾਲਤ ਦਾ ਉਦੇਸ਼ ਉਨ੍ਹਾਂ ਸਾਰੀਆਂ ਸ਼੍ਰੇਣੀਆਂ ਦੇ ਬਿਨੈਕਾਰਾਂ ਨੂੰ ਰਾਹਤ ਦੇਣਾ ਹੈ, ਜਿਨ੍ਹਾਂ ਦੀਆਂ ਅਰਜ਼ੀਆਂ 31 ਜਨਵਰੀ, 2026 ਤੱਕ ਕਿਸੇ ਵੀ ਕਾਰਨ ਕਰਕੇ ਲੰਬਿਤ ਰਹਿ ਗਈਆਂ ਹਨ।
ਉਨ੍ਹਾਂ ਕਿਹਾ ਕਿ ਯੋਗ ਬਿਨੈਕਾਰ ਨਿਰਧਾਰਤ ਮਿਤੀ ਨੂੰ ਸਵੇਰੇ 9:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਲੋੜੀਂਦੇ ਦਸਤਾਵੇਜ਼ਾਂ ਸਮੇਤ ਦਫ਼ਤਰ ਪਹੁੰਚ ਸਕਦੇ ਹਨ, ਤਾਂ ਜੋ ਲੰਬਿਤ ਅਰਜ਼ੀਆਂ ਦੇ ਨਿਪਟਾਰੇ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਸਕੇ।
ਉਨ੍ਹਾਂ ਸਪੱਸ਼ਟ ਕੀਤਾ ਕਿ ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਅਰਜ਼ੀਆਂ ਦੀ ਪ੍ਰਕਿਰਿਆ ਲਈ ਕਿਸੇ ਵੀ ਏਜੰਸੀ ਜਾਂ ਵਿਚੋਲੇ ਨੂੰ ਅਧਿਕਾਰਤ ਨਹੀਂ ਕੀਤਾ ਹੈ। ਉਨ੍ਹਾਂ ਨੇ ਬਿਨੈਕਾਰਾਂ ਨੂੰ ਸਿਰਫ਼ ਵਿਦੇਸ਼ ਮੰਤਰਾਲੇ ਦੀ ਅਧਿਕਾਰਤ ਵੈੱਬਸਾਈਟ, www.passportindia.gov.in ਰਾਹੀਂ ਹੀ ਅਰਜ਼ੀ ਦੇਣ ਦੀ ਸਲਾਹ ਦਿੱਤੀ ਤਾਂ ਕਿ ਕਿਸੇ ਏਜੰਟ ਜਾਂ ਵਿਚੋਲੀਏ ਦੀ ਧੋਖਾਧੜੀ ਤੋਂ ਬਚਿਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਬਿਨੈਕਾਰ ਪਾਸਪੋਰਟ ਨਾਲ ਸਬੰਧਤ ਕਿਸੇ ਵੀ ਸਹਾਇਤਾ ਲਈ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।
EDITED BY- HARLEEN KAUR



