टॉप न्यूज़
ਜੱਗੂ ਭਗਵਾਨਪੁਰੀਆ ਦੇ ‘ਸਮਾਜ ਸੇਵਾ’ ਵਾਲੇ ਕੰਮਾਂ ‘ਤੇ AAP MLA ਦਾ ਵੱਡਾ ਬਿਆਨ
ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਨਾਮ ਚਰਚਾ ਵਿੱਚ ਆ ਗਿਆ ਹੈ। ਇਸ ਵਾਰ ਚਰਚਾ ਦਾ ਕਾਰਨ ਉਸਦੇ ਕਥਿਤ ਸਮਾਜ ਸੇਵਾ ਦੇ ਕੰਮ ਹਨ, ਜਿਨ੍ਹਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅੰਮ੍ਰਿਤਪਾਲ ਸੁੱਖਾਨੰਦ ਨੇ ਇੱਕ ਮਹੱਤਵਪੂਰਨ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਦਾ ਬਿਆਨ ਹੁਣ ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਅੰਮ੍ਰਿਤਪਾਲ ਸੁੱਖਾਨੰਦ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਦੇ ਕੰਮਾਂ ਦਾ ਅੰਕਲਨ ਸੱਚਾਈ ਦੇ ਅਧਾਰ ‘ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਬੰਦਾ ਚੰਗਾ ਕੰਮ ਕਰਦਾ ਹੈ ਤਾਂ ਉਸਦੀ ਪ੍ਰਸ਼ੰਸਾ ਹੋਣੀ ਚਾਹੀਦੀ ਹੈ ਅਤੇ ਜੇ ਉਹ ਮਾੜਾ ਕੰਮ ਕਰਦਾ ਹੈ ਤਾਂ ਉਸਦੀ ਨਿੰਦਾ ਵੀ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ, “ਜਿਹੜਾ ਕੋਈ ਵੀ ਬੰਦਾ ਚੰਗਾ ਚਾਹੇ ਮਾੜਾ ਹੋਵੇ, ਜੇ ਉਹ ਚੰਗਾ ਕੰਮ ਕਰਦਾ ਹੈ ਤਾਂ ਚੰਗਾ ਕਹਿਣਾ ਚਾਹੀਦਾ ਹੈ ਅਤੇ ਜੇ ਮਾੜਾ ਕਰਦਾ ਹੈ ਤਾਂ ਮਾੜਾ ਕਹਿਣਾ ਚਾਹੀਦਾ ਹੈ। ਜੇ ਕੋਈ ਗੈਂਗਸਟਰ ਅੱਜ 100 ਕੁੜੀਆਂ ਦੇ ਵਿਆਹ ਕਰਵਾ ਰਿਹਾ ਹੈ ਤਾਂ ਇਸਦਾ ਇਹ ਮਤਲਬ ਨਹੀਂ ਕਿ ਉਸਦੇ ਕੀਤੇ ਮਾੜੇ ਕ੍ਰਾਈਮ ਲੁਕ ਜਾਣਗੇ।”
ਵਿਧਾਇਕ ਨੇ ਆਪਣੇ ਵਿਚਾਰ ਸਪੱਸ਼ਟ ਕਰਦਿਆਂ ਕਿਹਾ ਕਿ ਸਮਾਜ ਸੇਵਾ ਦੇ ਕੰਮਾਂ ਨੂੰ ਵੱਖਰੇ ਤੌਰ ‘ਤੇ ਦੇਖਿਆ ਜਾ ਸਕਦਾ ਹੈ, ਪਰ ਕਾਨੂੰਨ ਅੱਗੇ ਕੀਤੇ ਗਏ ਜੁਰਮ ਆਪਣੀ ਥਾਂ ‘ਤੇ ਹੀ ਰਹਿੰਦੇ ਹਨ। ਉਨ੍ਹਾਂ ਇੱਕ ਕਹਾਵਤ ਦਾ ਹਵਾਲਾ ਦਿੰਦਿਆਂ ਕਿਹਾ, “ਇਹ ਤਾਂ ਉਹੀ ਗੱਲ ਹੋਈ ਕਿ 100 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ।”
ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵਿਅਕਤੀ ਦੇ ਚੰਗੇ ਕੰਮ ਉਸਦੇ ਮਾੜੇ ਕੰਮਾਂ ਨੂੰ ਮਿਟਾ ਨਹੀਂ ਸਕਦੇ। ਜਿਨ੍ਹਾਂ ਜੁਰਮਾਂ ਲਈ ਉਹ ਜ਼ਿੰਮੇਵਾਰ ਹੈ, ਉਹ ਜੁਰਮ ਕਾਨੂੰਨ ਅਨੁਸਾਰ ਹੀ ਮੰਨੇ ਜਾਣਗੇ ਅਤੇ ਉਨ੍ਹਾਂ ਦਾ ਹਿਸਾਬ ਕਿਤਾਬ ਵੀ ਹੋਵੇਗਾ।
ਅੰਮ੍ਰਿਤਪਾਲ ਸੁੱਖਾਨੰਦ ਨੇ ਕਿਹਾ ਕਿ ਆਖ਼ਿਰਕਾਰ ਹਰ ਇਨਸਾਨ ਨੂੰ ਆਪਣੇ ਕੀਤੇ ਕਰਮਾਂ ਦਾ ਹਿਸਾਬ ਦੇਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪਰਮਾਤਮਾ ਅੱਗੇ ਹਿਸਾਬ ਕਿਤਾਬ ਹੋਵੇਗਾ ਤਾਂ ਸ਼ਾਇਦ ਚੰਗੇ ਕੰਮਾਂ ਲਈ ਕੁਝ ਰਿਆਇਤ ਮਿਲ ਸਕਦੀ ਹੈ, ਪਰ ਜੁਰਮਾਂ ਦੀ ਜ਼ਿੰਮੇਵਾਰੀ ਤੋਂ ਕੋਈ ਨਹੀਂ ਬਚ ਸਕਦਾ।
EDITED BY- HARLEEN KAUR



