टॉप न्यूज़

Ludhiana ‘ਚ ਵਿਆਹੁਤਾ ਔਰਤ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ

1 ਸਾਲ ਪਹਿਲਾਂ ਹੋਇਆ ਸੀ ਵਿਆਹ

ਲੁਧਿਆਣਾ ਦੇ ਟਿੱਬਾ ਰੋਡ ਸਥਿਤ ਗੁਲਾਬੀ ਬਾਗ ਇਲਾਕੇ ਵਿੱਚ ਇੱਕ 24 ਸਾਲਾ ਵਿਆਹੁਤਾ ਔਰਤ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਉਸਦੇ ਘਰ ਦੇ ਅੰਦਰ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ। ਮ੍ਰਿਤਕਾ ਦੀ ਪਛਾਣ ਆਰਤੀ ਕੁਮਾਰੀ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ।

ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ‘ਤੇ ਕਤਲ ਦੇ ਗੰਭੀਰ ਆਰੋਪ ਲਗਾਏ ਹਨ, ਜਦਕਿ ਸਹੁਰਾ ਪਰਿਵਾਰ ਇਸਨੂੰ ਖੁਦਕੁਸ਼ੀ ਕਰਾਰ ਦੇ ਰਿਹਾ ਹੈ। ਸੂਚਨਾ ਮਿਲਣ ‘ਤੇ ਟਿੱਬਾ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ।

ਮ੍ਰਿਤਕਾ ਦੇ ਭਰਾ ਤੇਜੂ ਨੇ ਦੱਸਿਆ ਕਿ ਆਰਤੀ ਦਾ ਵਿਆਹ ਲਗਭਗ ਇੱਕ ਸਾਲ ਪਹਿਲਾਂ 14 ਅਪ੍ਰੈਲ 2025 ਨੂੰ ਗੁਲਾਬੀ ਬਾਗ ਦੇ ਰਹਿਣ ਵਾਲੇ ਜਤਿਨ ਨਾਲ ਹੋਇਆ ਸੀ। ਉਸਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਸਦੇ ਜੀਜੇ ਦੇ ਇੱਕ ਦੋਸਤ ਦਾ ਫੋਨ ਆਇਆ, ਜਿਸਨੇ ਕਿਹਾ ਕਿ “ਤੁਹਾਡੀ ਭੈਣ ਨੇ ਖੁਦਕੁਸ਼ੀ ਕਰ ਲਈ ਹੈ। ਇਹ ਸੁਣਦੇ ਹੀ ਪਰਿਵਾਰ ਤੁਰੰਤ ਪਹੁੰਚਿਆ, ਜਿੱਥੇ ਆਰਤੀ ਦੀ ਲਾਸ਼ ਜ਼ਮੀਨ ‘ਤੇ ਪਈ ਹੋਈ ਸੀ।

ਪਰਿਵਾਰ ਦਾ ਆਰੋਪ ਹੈ ਕਿ ਆਰਤੀ ਦੀ ਹੱਤਿਆ ਕਰਕੇ ਉਸਦੀ ਲਾਸ਼ ਨੂੰ ਪੱਖੇ ਨਾਲ ਲਟਕਾਇਆ ਗਿਆ ਤਾਂ ਜੋ ਮਾਮਲਾ ਖੁਦਕੁਸ਼ੀ ਵਾਂਗ ਲੱਗੇ। ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਤੋਂ ਹੀ ਆਰਤੀ ਨੂੰ ਸਹੁਰੇ ਪਰਿਵਾਰ ਵੱਲੋਂ ਤੰਗ-ਪਰੇਸ਼ਾਨ ਕੀਤਾ ਜਾਂਦਾ ਸੀ। ਪਰਿਵਾਰ ਮੁਤਾਬਕ ਸਹੁਰੇ ਘਰ ਵਿੱਚ ਉਸਦਾ ਪਤੀ ਅਤੇ ਸੱਸ-ਸਹੁਰਾ ਉਸ ਨਾਲ ਅਕਸਰ ਬਦਸਲੂਕੀ ਕਰਦੇ ਸਨ।

ਆਰਤੀ ਦਾ ਪੇਕਾ ਪਰਿਵਾਰ ਖਾਸੀ ਕਲਾਂ ਵਿੱਚ ਰਹਿੰਦਾ ਹੈ। ਪਰਿਵਾਰ ਵਿੱਚ ਉਸਦੀ ਮਾਂ ਅਤੇ ਦੋ ਵਿਆਹੇ ਭਰਾ ਹਨ। ਉਨ੍ਹਾਂ ਨੇ ਪੁਲਿਸ ਤੋਂ ਮਾਮਲੇ ਦੀ ਨਿਰਪੱਖ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਸ਼ੱਕੀ ਹਾਲਾਤਾਂ ਵਾਲਾ ਹੈ ਅਤੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!