टॉप न्यूज़

ਫਰੀਦਕੋਟ ‘ਚ CM ਮਾਨ ਦੇ ਦੌਰੇ ਮਗਰੋਂ ਹੰਗਾਮਾ

ਸਿਹਤ ਕਰਮਚਾਰੀ ਪਾਣੀ ਦੀ ਟੈਂਕੀ 'ਤੇ ਚੜ੍ਹਿਆ

ਫਰੀਦਕੋਟ ਦੇ ਪਿੰਡ ਚੰਦਬਾਜਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕ ਮਿਲਣੀ ਪ੍ਰੋਗਰਾਮ ਤੋਂ ਬਾਅਦ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਸਿਹਤ ਵਿਭਾਗ ਦਾ ਕਰਮਚਾਰੀ ਅਤੇ ਪਿੰਡ ਵਾਸੀ ਜਸਮੇਲ ਸਿੰਘ ਪਿੰਡ ਦੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਿਆ। ਉਸ ਨੇ ਮੌਕੇ ‘ਤੇ ਮੌਜੂਦ ਪ੍ਰਸ਼ਾਸਨ ਅਤੇ ਪੁਲਿਸ ਖ਼ਿਲਾਫ਼ ਨਾਰਾਜ਼ਗੀ ਜਤਾਉਂਦੇ ਹੋਏ ਪੱਤਰਕਾਰਾਂ ਨੂੰ ਵੀਡੀਓ ਭੇਜੀ ਅਤੇ ਡੀਐਸਪੀ ਨੂੰ ਮੌਕੇ ‘ਤੇ ਬੁਲਾਉਣ ਦੀ ਮੰਗ ਕੀਤੀ। ਨਾਲ ਹੀ ਉਸ ਨੇ ਰਾਤ 10:30 ਵਜੇ ਤੱਕ ਆਪਣੀਆਂ ਮੰਗਾਂ ਨਾ ਮੰਨੀਆਂ ਜਾਣ ਦੀ ਸੂਰਤ ਵਿੱਚ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਵੀ ਦਿੱਤੀ।

ਲਗਭਗ ਤਿੰਨ ਘੰਟੇ ਚੱਲੇ ਹਾਈ-ਵੋਲਟੇਜ ਡਰਾਮੇ ਤੋਂ ਬਾਅਦ ਸਦਰ ਥਾਣਾ ਫਰੀਦਕੋਟ ਦੇ ਐਸਐਚਓ ਇੰਸਪੈਕਟਰ ਰਾਜੇਸ਼ ਕੁਮਾਰ ਮੌਕੇ ‘ਤੇ ਪਹੁੰਚੇ ਅਤੇ ਜਸਮੇਲ ਸਿੰਘ ਨੂੰ ਸਮਝਾ-ਬੁਝਾ ਕੇ ਸੁਰੱਖਿਅਤ ਟੈਂਕੀ ਤੋਂ ਹੇਠਾਂ ਉਤਾਰਿਆ।

ਜਸਮੇਲ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਪਿੰਡ ਦੌਰੇ ਦੌਰਾਨ ਉਹ ਆਪਣਾ ਮੰਗ ਪੱਤਰ ਦੇਣ ਲਈ ਪਹੁੰਚਿਆ ਸੀ। ਉਸ ਦੇ ਮੁਤਾਬਕ, ਉਸ ਨੇ ਪਹਿਲਾਂ ਸਥਾਨਕ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਸੰਪਰਕ ਕੀਤਾ ਸੀ, ਜਿਨ੍ਹਾਂ ਦੇ ਕਹਿਣ ‘ਤੇ ਉਹ ਮੰਗ ਪੱਤਰ ਸੌਂਪਣ ਲਈ ਆਇਆ। ਪ੍ਰੋਟੋਕੋਲ ਅਨੁਸਾਰ ਡੀਐਸਪੀ ਉਸ ਨੂੰ ਤਹਿਸੀਲਦਾਰ ਕੋਲ ਲੈ ਗਏ, ਪਰ ਤਹਿਸੀਲਦਾਰ ਮੌਜੂਦ ਨਾ ਹੋਣ ਕਾਰਨ ਉਸ ਨੇ ਆਪਣਾ ਮੰਗ ਪੱਤਰ ਇੱਕ ਐਸਪੀ ਰੈਂਕ ਦੇ ਅਧਿਕਾਰੀ ਨੂੰ ਸੌਂਪ ਦਿੱਤਾ।

ਜਸਮੇਲ ਸਿੰਘ ਨੇ ਦੋਸ਼ ਲਗਾਇਆ ਕਿ ਇਸ ਤੋਂ ਬਾਅਦ ਜਦੋਂ ਉਹ ਮੁੱਖ ਮੰਤਰੀ ਦਾ ਪ੍ਰੋਗਰਾਮ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਡੀਐਸਪੀ ਸੰਜੀਵ ਕੁਮਾਰ ਨੇ ਉਸ ਨਾਲ ਕਥਿਤ ਤੌਰ ‘ਤੇ ਬਦਸਲੂਕੀ ਕੀਤੀ, ਹੱਥੋਪਾਈ ਕੀਤੀ ਅਤੇ ਪਿੰਡ ਵਾਸੀਆਂ ਦੇ ਸਾਹਮਣੇ ਉਸ ਦਾ ਅਪਮਾਨ ਕੀਤਾ। ਉਸ ਦਾ ਇਹ ਵੀ ਦਾਅਵਾ ਹੈ ਕਿ ਪੁਲਿਸ ਨੇ ਉਸ ਨੂੰ ਕਰੀਬ ਤਿੰਨ ਘੰਟੇ ਥਾਣੇ ਵਿੱਚ ਬਿਠਾ ਕੇ ਰੱਖਿਆ, ਜਿਸ ਕਾਰਨ ਮਜਬੂਰੀ ਵਿੱਚ ਉਸ ਨੂੰ ਪਾਣੀ ਦੀ ਟੈਂਕੀ ‘ਤੇ ਚੜ੍ਹ ਕੇ ਰੋਸ ਪ੍ਰਗਟ ਕਰਨਾ ਪਿਆ।

ਉੱਥੇ ਹੀ, ਇਸ ਮਾਮਲੇ ‘ਤੇ ਸਦਰ ਥਾਣਾ ਫਰੀਦਕੋਟ ਦੇ ਐਸਐਚਓ ਇੰਸਪੈਕਟਰ ਰਾਜੇਸ਼ ਕੁਮਾਰ ਨੇ ਕਿਹਾ ਕਿ ਸ਼ਿਕਾਇਤਾਂ ਦੇ ਮੱਦੇਨਜ਼ਰ ਟੈਂਕੀ ‘ਤੇ ਚੜ੍ਹੇ ਵਿਅਕਤੀ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਵਿਚਾਲੇ ਹੁਣ ਕੋਈ ਵਿਵਾਦ ਨਹੀਂ ਹੈ। ਐਸਐਚਓ ਨੇ ਕਿਹਾ ਕਿ ਕਿਸੇ ਵੀ ਵੀਵੀਆਈਪੀ ਦੌਰੇ ਦੌਰਾਨ ਪੁਲਿਸ ਨੂੰ ਸੁਰੱਖਿਆ ਅਤੇ ਪ੍ਰੋਟੋਕੋਲ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਪੈਂਦੀ ਹੈ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!