टॉप न्यूज़

ਪੰਜਾਬ ‘ਚ 2 ਦਿਨ ਭਾਰੀ ਮੀਂਹ

ਜਾਣੋ ਆਪਣੇ ਜ਼ਿਲ੍ਹੇ ਦਾ ਹਾਲ

ਪੰਜਾਬ ਅਤੇ ਚੰਡੀਗੜ੍ਹ ਵਿੱਚ ਮਾਨਸੂਨ ਦੀ ਸਰਗਰਮੀ ਮੁੜ ਵਧ ਗਈ ਹੈ। ਮੌਸਮ ਵਿਭਾਗ ਨੇ 17 ਅਤੇ 18 ਅਗਸਤ ਨੂੰ ਸੂਬੇ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਹੈ। ਇਸ ਦੌਰਾਨ ਜ਼ਿਆਦਾਤਰ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਜਦਕਿ ਕੁਝ ਥਾਵਾਂ ’ਤੇ ਭਾਰੀ ਮੀਂਹ ਦੇ ਨਾਲ ਗਰਜ-ਤੂਫ਼ਾਨ ਅਤੇ ਬੱਦਲਵਾਈ ਦੀ ਸਥਿਤੀ ਬਣ ਸਕਦੀ ਹੈ।
ਪਿਛਲੇ 24 ਘੰਟਿਆਂ ਵਿੱਚ ਵੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ ਵਿੱਚ ਸਭ ਤੋਂ ਵੱਧ 40.1 ਮਿਲੀਮੀਟਰ ਬਾਰਿਸ਼ ਹੋਈ। ਇਸ ਤੋਂ ਇਲਾਵਾ ਜਲੰਧਰ ਵਿੱਚ 14 ਮਿਲੀਮੀਟਰ, ਰੂਪਨਗਰ ਵਿੱਚ 13 ਮਿਲੀਮੀਟਰ, ਪਠਾਨਕੋਟ ਵਿੱਚ 4 ਮਿਲੀਮੀਟਰ, ਪਟਿਆਲਾ ਵਿੱਚ 3.4 ਮਿਲੀਮੀਟਰ, ਲੁਧਿਆਣਾ ਵਿੱਚ 2.8 ਮਿਲੀਮੀਟਰ ਅਤੇ ਮੋਹਾਲੀ ਵਿੱਚ 2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਵੀ ਹਲਕੀ ਬਾਰਿਸ਼ ਹੋਈ।
ਮੀਂਹ ਦੇ ਬਾਵਜੂਦ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਸੂਬੇ ਦਾ ਤਾਪਮਾਨ ਆਮ ਨਾਲੋਂ ਕਰੀਬ 1.7 ਡਿਗਰੀ ਸੈਲਸੀਅਸ ਵੱਧ ਰਿਹਾ। ਐਤਵਾਰ ਨੂੰ ਬਠਿੰਡਾ 36.5 ਡਿਗਰੀ ਸੈਲਸੀਅਸ ਨਾਲ ਸੂਬੇ ਦਾ ਸਭ ਤੋਂ ਗਰਮ ਸਥਾਨ ਰਿਹਾ। ਰੂਪਨਗਰ ਵਿੱਚ 36.3, ਪਟਿਆਲਾ ਅਤੇ ਫਿਰੋਜ਼ਪੁਰ ਵਿੱਚ 36.1, ਜਦਕਿ ਫਰੀਦਕੋਟ ਵਿੱਚ 36 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਦੂਜੇ ਪਾਸੇ ਰਾਤ ਦੇ ਤਾਪਮਾਨ ਵਿੱਚ ਅੰਮ੍ਰਿਤਸਰ ਸਭ ਤੋਂ ਠੰਢਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 22.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਲੰਧਰ ਵਿੱਚ ਵੱਧ ਤੋਂ ਵੱਧ ਤਾਪਮਾਨ 32.9 ਅਤੇ ਘੱਟੋ-ਘੱਟ 24.8 ਡਿਗਰੀ ਸੈਲਸੀਅਸ ਰਿਹਾ।
ਚੰਡੀਗੜ੍ਹ ਵੱਲ ਨਜ਼ਰ ਮਾਰੀਏ ਤਾਂ 17 ਅਗਸਤ ਨੂੰ ਆਸਮਾਨ ਜ਼ਿਆਦਾਤਰ ਬੱਦਲਵਾਈ ਵਾਲਾ ਰਹਿਣ ਦੀ ਸੰਭਾਵਨਾ ਹੈ। ਇੱਥੇ ਵੱਧ ਤੋਂ ਵੱਧ ਤਾਪਮਾਨ ਕਰੀਬ 34 ਅਤੇ ਘੱਟੋ-ਘੱਟ 25 ਡਿਗਰੀ ਸੈਲਸੀਅਸ ਰਹਿ ਸਕਦਾ ਹੈ। 18 ਅਗਸਤ ਨੂੰ ਤਾਪਮਾਨ ਵਿੱਚ ਕੁਝ ਕਮੀ ਆਉਣ ਦੀ ਸੰਭਾਵਨਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ, ਜਦਕਿ ਘੱਟੋ-ਘੱਟ ਤਾਪਮਾਨ ਕਰੀਬ 24 ਡਿਗਰੀ ਸੈਲਸੀਅਸ ਰਹਿ ਸਕਦਾ ਹੈ।
ਹਾਲਾਂਕਿ 19 ਤੋਂ 22 ਅਗਸਤ ਦੇ ਵਿਚਕਾਰ ਮਾਨਸੂਨੀ ਗਤੀਵਿਧੀਆਂ ਵਿੱਚ ਕਮੀ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਖਿੰਡ-ਪੁੰਡ ਕੇ ਮੀਂਹ ਪੈ ਸਕਦਾ ਹੈ, ਪਰ ਮੌਸਮ ਵਿਭਾਗ ਵੱਲੋਂ ਫਿਲਹਾਲ ਕਿਸੇ ਵੱਡੀ ਚੇਤਾਵਨੀ ਦੀ ਜਾਣਕਾਰੀ ਨਹੀਂ ਦਿੱਤੀ ਗਈ। ਇਸ ਤਰ੍ਹਾਂ ਅਗਲੇ ਦੋ ਦਿਨ ਪੰਜਾਬ ਅਤੇ ਚੰਡੀਗੜ੍ਹ ਲਈ ਮੀਂਹ ਪੱਖੋਂ ਅਹਿਮ ਰਹਿਣ ਵਾਲੇ ਹਨ, ਜਦਕਿ ਇਸ ਤੋਂ ਬਾਅਦ ਮੌਸਮ ਕੁਝ ਹੱਦ ਤੱਕ ਸ਼ਾਂਤ ਹੋਣ ਦੀ ਸੰਭਾਵਨਾ ਹੈ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!