
ਚੰਡੀਗੜ੍ਹ ਅਤੇ ਮੁਹਾਲੀ ਦੀ ਹੱਦ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਤ ਦਿਨਾਂ ਲਈ ਪੱਕਾ ਮੋਰਚਾ ਲਗਾਏ ਜਾਣ ਦੇ ਮੱਦੇਨਜ਼ਰ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਆਮ ਲੋਕਾਂ ਲਈ ਵਿਸ਼ੇਸ਼ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਸੁਰੱਖਿਆ ਪ੍ਰਬੰਧਾਂ ਅਤੇ ਕਿਸਾਨਾਂ ਵੱਲੋਂ ਸੜਕ ਦੇ ਇੱਕ ਪਾਸੇ ਟਰੈਕਟਰ-ਟਰਾਲੀਆਂ ਖੜ੍ਹੀਆਂ ਕੀਤੇ ਜਾਣ ਕਾਰਨ ਕਈ ਰਸਤਿਆਂ ’ਤੇ ਆਵਾਜਾਈ ਨੂੰ ਡਾਇਵਰਟ ਜਾਂ ਸੀਮਤ ਕੀਤਾ ਗਿਆ ਹੈ।
ਚੰਡੀਗੜ੍ਹ ਟ੍ਰੈਫਿਕ ਪੁਲਿਸ ਅਨੁਸਾਰ ਫੈਦਾਂ ਬੈਰੀਅਰ ਤੋਂ ਪੂਰਵ ਮਾਰਗ ਰਾਹੀਂ ਚੰਡੀਗੜ੍ਹ ਵੱਲ ਜਾਣ ਵਾਲੀ ਸੜਕ ਦੇ ਇੱਕ ਹਿੱਸੇ ’ਤੇ ਟ੍ਰੈਫਿਕ ਪੂਰੀ ਤਰ੍ਹਾਂ ਡਾਇਵਰਟ ਕੀਤਾ ਗਿਆ ਹੈ।ਇਸ ਤੋਂ ਇਲਾਵਾ ਟੀ-ਪੁਆਇੰਟ, ਸੈਕਟਰ 48 ਲਾਈਟ ਪੁਆਇੰਟ (ਵਾਈਨ ਸ਼ਾਪ ਨੇੜੇ) ਤੋਂ ਸੈਕਟਰ 48 ਦੀ ਅੰਦਰੂਨੀ ਸੜਕ ਵੱਲ ਜਾਣ ਵਾਲੀ ਆਵਾਜਾਈ ਨੂੰ ਵੀ ਪੂਰੀ ਤਰ੍ਹਾਂ ਸੀਮਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸੈਕਟਰ 48/49 ਅਤੇ ਸੈਕਟਰ 49/50 ਦੀਆਂ ਡਿਵਾਈਡਿੰਗ ਸੜਕਾਂ ਤੋਂ ਚੰਡੀਗੜ੍ਹ ਵੱਲ ਜਾਣ ਵਾਲੇ ਟ੍ਰੈਫਿਕ ’ਤੇ ਵੀ ਪਾਬੰਦੀ ਲਗਾਈ ਗਈ ਹੈ।
ਕਿਸਾਨਾਂ ਵੱਲੋਂ ਮੁਹਾਲੀ ਦੇ ਫੇਜ਼-11 ਤੋਂ ਚੰਡੀਗੜ੍ਹ ਦੇ ਸੈਕਟਰ-48 ਤੱਕ ਸੜਕ ਦੇ ਇੱਕ ਪਾਸੇ ਸੈਂਕੜੇ ਟਰੈਕਟਰ-ਟਰਾਲੀਆਂ ਖੜ੍ਹੀਆਂ ਕਰਕੇ ਪੱਕੇ ਡੇਰੇ ਲਗਾਏ ਗਏ ਹਨ। ਇਸ ਦੇ ਮੱਦੇਨਜ਼ਰ ਮੁਹਾਲੀ ਪੁਲਿਸ ਨੇ ਸੁਰੱਖਿਆ ਕਾਰਨਾਂ ਕਰਕੇ ਸੜਕ ਦਾ ਇੱਕ ਪਾਸਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਉੱਧਰ, ਚੰਡੀਗੜ੍ਹ ਪੁਲਿਸ ਵੱਲੋਂ ਸੈਕਟਰ-48 ਦੀ ਸੜਕ ’ਤੇ ਕਿਸਾਨਾਂ ਦੀ ਸਟੇਜ ਅਤੇ ਪੰਡਾਲ ਦੇ ਪਿਛਲੇ ਪਾਸੇ ਕੰਡੇਦਾਰ ਤਾਰਾਂ ਦੀ ਤੀਹਰੀ ਬੈਰੀਕੇਡਿੰਗ ਕੀਤੀ ਗਈ ਹੈ। ਇੱਥੇ RAF ਦੇ ਜਵਾਨ ਵੀ ਤਾਇਨਾਤ ਕੀਤੇ ਗਏ ਹਨ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨੀ ਅਤੇ ਪੰਜਾਬ ਨਾਲ ਜੁੜੇ ਅਹਿਮ ਮੁੱਦਿਆਂ ਨੂੰ ਲੈ ਕੇ ਚੰਡੀਗੜ੍ਹ-ਮੁਹਾਲੀ ਬਾਰਡਰ ‘ਤੇ ਸੱਤ ਦਿਨਾਂ ਦਾ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਹੈ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸੈਂਕੜੇ ਕਿਸਾਨ ਟਰੈਕਟਰ-ਟਰਾਲੀਆਂ ਲੈ ਕੇ ਇੱਥੇ ਪਹੁੰਚੇ ਹਨ। ਕਿਸਾਨਾਂ ਨੇ ਕਰੀਬ ਦੋ ਕਿਲੋਮੀਟਰ ਤੋਂ ਵੱਧ ਲੰਮੇ ਖੇਤਰ ਵਿੱਚ ਰਹਿਣ-ਸਹਿਣ ਦੇ ਪ੍ਰਬੰਧ ਕੀਤੇ ਹਨ। ਮੋਰਚੇ ਵਿੱਚ ਕਿਸਾਨਾਂ ਦੇ ਨਾਲ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਹਨ। ਇਸ ਦੌਰਾਨ ਏਅਰਪੋਰਟ ਰੋਡ ‘ਤੇ ਵੱਡੀ ਗਿਣਤੀ ਵਿੱਚ ਟਰੈਕਟਰ-ਟਰਾਲੀਆਂ ਨਜ਼ਰ ਆ ਰਹੀਆਂ ਹਨ।
ਕਿਸਾਨ ਆਗੂਆਂ ਮੁਤਾਬਕ ਦਿੱਲੀ ਕਿਸਾਨ ਮੋਰਚੇ ਦੀ ਤਰਜ਼ ’ਤੇ ਇੱਥੇ ਰੋਜ਼ਾਨਾ ਚਾਰ ਘੰਟੇ ਸਟੇਜ ਚਲਾਈ ਜਾਵੇਗੀ। ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵਾਰੀ-ਵਾਰੀ ਸਟੇਜ ਦਾ ਸੰਚਾਲਨ ਕਰਨਗੇ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਗਰਾਹਾਂ ਧੜੇ ਨੂੰ ਛੱਡ ਕੇ ਸੰਯੁਕਤ ਕਿਸਾਨ ਮੋਰਚੇ ਦੀਆਂ ਬਾਕੀ ਜਥੇਬੰਦੀਆਂ ਇਸ ਸੰਘਰਸ਼ ਵਿੱਚ ਸਰਗਰਮੀ ਨਾਲ ਸ਼ਾਮਲ ਹਨ।
ਕਿਸਾਨਾਂ ਦੀਆਂ ਮੁੱਖ ਮੰਗਾਂ ਕੀ ਹਨ?
ਕਿਸਾਨ ਜਥੇਬੰਦੀਆਂ ਵੱਲੋਂ ਕਈ ਅਹਿਮ ਮੰਗਾਂ ਨੂੰ ਲੈ ਕੇ ਇਹ ਮੋਰਚਾ ਲਗਾਇਆ ਗਿਆ ਹੈ। ਮੁੱਖ ਮੰਗਾਂ ਵਿੱਚ:
- ਪੰਜਾਬ ਦੇ ਪਾਣੀਆਂ ਨਾਲ ਸਬੰਧਤ ਸਮਝੌਤੇ ਰੱਦ ਕੀਤੇ ਜਾਣ।
- ਸਾਰੀਆਂ ਫ਼ਸਲਾਂ ’ਤੇ MSP ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ।
- ਮੁਕਤ ਵਪਾਰ ਸਮਝੌਤਾ ਰੱਦ ਕੀਤਾ ਜਾਵੇ।
- BBMB ਵਿੱਚ ਪੰਜਾਬ ਦੀ ਸਥਾਈ ਮੈਂਬਰੀ ਬਹਾਲ ਕੀਤੀ ਜਾਵੇ।
ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋਂ ਹੜਤਾਲੀ ਮੁਲਾਜ਼ਮਾਂ ਦੀਆਂ ਬਦਲੀਆਂ ਕਰਨ ਅਤੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਵੀ ਨਿਖੇਧੀ ਕੀਤੀ ਹੈ। ਕਿਸਾਨ ਆਗੂਆਂ ਨੇ ਹੜਤਾਲੀ ਮੁਲਾਜ਼ਮਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਹੈ ਕਿ ਜੇ ਕੇਂਦਰ ਅਤੇ ਸੂਬਾ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 7 ਸਤੰਬਰ ਤੋਂ ਬਾਅਦ ਵੀ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰੱਖਿਆ ਜਾ ਸਕਦਾ ਹੈ।
ਮੋਰਚੇ ਦੇ ਪਹਿਲੇ ਦਿਨ ਮੁਹਾਲੀ ਵਿੱਚ ਹਲਕੀ ਬਾਰਿਸ਼ ਵੀ ਹੋਈ। ਕਿਸਾਨਾਂ ਨੇ ਮੀਂਹ ਤੋਂ ਬਚਾਅ ਲਈ ਟਰਾਲੀਆਂ ’ਤੇ ਤਿਰਪਾਲਾਂ ਪਾਈਆਂ ਹੋਈਆਂ ਹਨ ਅਤੇ ਰਹਿਣ ਲਈ ਮੰਜਿਆਂ ਤੇ ਕੁਰਸੀਆਂ ਆਦਿ ਦੇ ਪ੍ਰਬੰਧ ਕੀਤੇ ਗਏ ਹਨ। ਧਰਨਾ ਸਥਾਨ ‘ਤੇ ਚਾਹ ਅਤੇ ਪ੍ਰਸ਼ਾਦੇ ਦੇ ਲੰਗਰ ਲਗਾਤਾਰ ਚੱਲ ਰਹੇ ਹਨ। ਇਸ ਤੋਂ ਇਲਾਵਾ ਡਾਕਟਰ ਸਵੈਮਾਨ ਸਿੰਘ ਦੀ ਅਗਵਾਈ ਹੇਠ ਸਟੇਜ ਦੇ ਨੇੜੇ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਗਿਆ ਹੈ।



