टॉप न्यूज़

ਪੰਜਾਬ ਦੇ ਇਸ ਪਿੰਡ ‘ਚ ਹੈਰਾਨ ਕਰਨ ਵਾਲੀ ਘਟਨਾ

ਸ਼ਮਸ਼ਾਨਘਾਟ 'ਚੋਂ ਮੁਰਦੇ ਦੇ ਨਕਲੀ ਗੋਡਿਆਂ ਦੇ ਜੋੜ ਚੋਰੀ

ਬਠਿੰਡਾ ਦੇ ਪਿੰਡ ਭਾਈ ਬਖਤੌਰ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਇਨਸਾਨੀਅਤ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ। ਇੱਥੇ ਇੱਕ ਵਿਅਕਤੀ ‘ਤੇ ਸ਼ਮਸ਼ਾਨਘਾਟ ਵਿੱਚ ਅੰਤਿਮ ਸਸਕਾਰ ਕੀਤੇ ਜਾ ਚੁੱਕੇ ਮ੍ਰਿਤਕ ਦੇ ਸਰੀਰ ਵਿੱਚੋਂ ਨਕਲੀ ਗੋਡਿਆਂ ਦੇ ਜੋੜ ਕੱਢ ਕੇ ਚੋਰੀ ਕਰਨ ਦਾ ਆਰੋਪ ਲੱਗਿਆ ਹੈ।

ਜਾਣਕਾਰੀ ਅਨੁਸਾਰ ਪਿੰਡ ਭਾਈ ਬਖਤੌਰ ਦੇ ਰਹਿਣ ਵਾਲੇ 65 ਸਾਲਾ ਉਜਾਗਰ ਸਿੰਘ ਦੀ ਦੋ ਦਿਨ ਪਹਿਲਾਂ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਦੋਵੇਂ ਗੋਡਿਆਂ ਵਿੱਚ ਨਕਲੀ ਜੋੜ ਲੱਗੇ ਹੋਏ ਸਨ। ਪਰਿਵਾਰ ਵੱਲੋਂ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਅਗਲੇ ਦਿਨ ਜਦੋਂ ਪਰਿਵਾਰਕ ਮੈਂਬਰ ਅਸਥੀਆਂ ਚੁਗਣ ਲਈ ਸ਼ਮਸ਼ਾਨਘਾਟ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਮ੍ਰਿਤਕ ਦੇ ਸਰੀਰ ਵਿੱਚ ਲੱਗੇ ਦੋਵੇਂ ਨਕਲੀ ਗੋਡਿਆਂ ਦੇ ਜੋੜ ਗਾਇਬ ਸਨ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਆਸ-ਪਾਸ ਤਲਾਸ਼ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਉਨ੍ਹਾਂ ਨੂੰ ਇੱਕ ਸ਼ੱਕੀ ਵਿਅਕਤੀ ਨਜ਼ਰ ਆਇਆ, ਜੋ ਕਥਿਤ ਤੌਰ ‘ਤੇ ਚੋਰੀ ਕੀਤੇ ਨਕਲੀ ਗੋਡਿਆਂ ਦੇ ਜੋੜ ਲੈ ਕੇ ਜਾ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਉਸ ਦਾ ਪਿੱਛਾ ਕਰਕੇ ਕੁਝ ਦੂਰੀ ‘ਤੇ ਉਸ ਨੂੰ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਉਸ ਕੋਲੋਂ ਮ੍ਰਿਤਕ ਦੇ ਦੋਵੇਂ ਨਕਲੀ ਗੋਡਿਆਂ ਦੇ ਜੋੜ ਵੀ ਬਰਾਮਦ ਕਰ ਲਏ ਗਏ।

ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੂਰੇ ਪਿੰਡ ਵਿੱਚ ਚਰਚਾ ਦਾ ਮਾਹੌਲ ਬਣ ਗਿਆ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਚੋਰੀ ਦੀਆਂ ਘਟਨਾਵਾਂ ਵਿੱਚ ਅਪਰਾਧੀਆਂ ਦੇ ਹੌਂਸਲੇ ਇੰਨੇ ਵੱਧ ਗਏ ਹਨ ਕਿ ਹੁਣ ਸ਼ਮਸ਼ਾਨਘਾਟ ਵਿੱਚ ਵੀ ਮ੍ਰਿਤਕਾਂ ਨੂੰ ਨਹੀਂ ਬਖਸ਼ਿਆ ਜਾ ਰਿਹਾ।

ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮੁਲਜ਼ਮ ਨੇ ਨਕਲੀ ਗੋਡਿਆਂ ਦੇ ਜੋੜ ਕਿਸ ਮਕਸਦ ਨਾਲ ਕੱਢੇ ਸਨ ਅਤੇ ਕੀ ਇਸ ਮਾਮਲੇ ਵਿੱਚ ਉਸ ਦੇ ਨਾਲ ਕੋਈ ਹੋਰ ਵਿਅਕਤੀ ਜਾਂ ਗਿਰੋਹ ਵੀ ਸ਼ਾਮਲ ਹੈ। ਇਸ ਸਬੰਧੀ ਪੂਰੀ ਜਾਣਕਾਰੀ ਪੁਲਸ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!