
ਫਤਿਹਗੜ੍ਹ ਸਾਹਿਬ ਵਿੱਚ ਤਾਇਨਾਤ ਐਕਸਾਈਜ ਇੰਸਪੈਕਟਰ ਹਰਸਿਮਰਨ ਸਿੰਘ ਨੇ ਚੰਡੀਗੜ੍ਹ ਪੁਲਿਸ ‘ਤੇ ਸ਼ਰਾਬ ਦੇ ਠੇਕੇ ‘ਤੇ ਕੰਮ ਕਰਨ ਵਾਲੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਨਾਲ ਦੁਰਵਿਵਹਾਰ ਅਤੇ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਸ਼ਰਾਬ ਦੇ ਠੇਕੇ ‘ਤੇ ਕੰਮ ਕਰਨ ਵਾਲੇ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ, ਉਨ੍ਹਾਂ ਦੀ ਕਾਰ ਰੋਕ ਕੇ ਚਾਬੀ ਖੋਹ ਲਈ।
ਜਦੋਂ ਪੁਲਿਸ ਨੂੰ ਬੁਲਾਇਆ ਗਿਆ ਤਾਂ ਪੁਲਿਸ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਅਤੇ ਐਕਸਾਈਜ ਇੰਸਪੈਕਟਰ ਦਾ ਆਈਡੀ ਕਾਰਡ ਦੇਖਣ ਦੇ ਬਾਵਜੂਦ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ। ਹਰਸਿਮਰਨ ਸਿੰਘ ਦਾ ਦੋਸ਼ ਹੈ ਕਿ ਸੈਕਟਰ 24 ਪੁਲਿਸ ਨੇ ਉਨ੍ਹਾਂ ਨੂੰ ਸਾਰੀ ਰਾਤ ਪੁਲਿਸ ਸਟੇਸ਼ਨ ਵਿੱਚ ਬਿਠਾਈ ਰੱਖਿਆ, ਕਿਸੇ ਨਾਲ ਗੱਲ ਨਹੀਂ ਕਰਨ ਦਿੱਤੀ। ਜਦੋਂ ਉਨ੍ਹਾਂ ਨੂੰ ਸਵੇਰੇ ਛੱਡਿਆ ਤਾਂ ਕਿਹਾ ਕਿ ਤੁਹਾਨੂੰ ਦੁਬਾਰਾ ਪੁੱਛਗਿੱਛ ਦੇ ਲਈ ਆਉਣਾ ਪਵੇਗਾ।
ਐਕਸਾਈਜ ਇੰਸਪੈਕਟਰ ਨੇ ਚੰਡੀਗੜ੍ਹ ਦੇ ਡੀਸੀ ਅਤੇ ਐਸਐਸਪੀ ਨੂੰ ਸ਼ਿਕਾਇਤ ਕੀਤੀ। ਐਸਐਸਪੀ ਨੇ ਜਾਂਚ ਸੁਪਰਡੈਂਟ ਆਫ਼ ਪੁਲਿਸ ਸਿਟੀ ਨੂੰ ਸੌਂਪਦਿਆਂ ਹੋਇਆਂ ਕਾਰਵਾਈ ਦਾ ਭਰੋਸਾ ਦਿੱਤਾ ਹੈ। ਇਸ ਦੌਰਾਨ, ਸੈਕਟਰ 24 ਪੁਲਿਸ ਦਾ ਕਹਿਣਾ ਹੈ ਕਿ ਹਰਸਿਮਰਨ ਨਾਲ ਦੁਰਵਿਵਹਾਰ ਨਹੀਂ ਕੀਤਾ ਗਿਆ। ਪੁੱਛਗਿੱਛ ਅਤੇ ਤਸਦੀਕ ਤੋਂ ਬਾਅਦ ਹੀ ਉਨ੍ਹਾਂ ਨੂੰ ਜਾਣ ਦਿੱਤਾ ਸੀ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ, ਪੰਜਾਬ ਆਬਕਾਰੀ ਵਿਭਾਗ ਦੇ ਕਮਿਸ਼ਨਰ ਜਤਿੰਦਰ ਸਿੰਘ ਨੇ ਚੰਡੀਗੜ੍ਹ ਦੇ ਡੀਸੀ ਨਿਸ਼ਾਂਤ ਯਾਦਵ ਅਤੇ ਐਸਐਸਪੀ ਕੰਵਰਦੀਪ ਕੌਰ ਨਾਲ ਫ਼ੋਨ ‘ਤੇ ਗੱਲ ਕੀਤੀ। ਉਨ੍ਹਾਂ ਨੇ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ। ਇਸ ਤੋਂ ਬਾਅਦ, ਹਰਸਿਮਰਨ ਸਿੰਘ, ਪੰਜਾਬ ਆਬਕਾਰੀ ਵਿਭਾਗ ਦੇ ਡਿਪਟੀ ਕਮਿਸ਼ਨਰ ਖੁਸ਼ਦਿਲ ਸੰਧੂ ਅਤੇ ਆਬਕਾਰੀ ਅਧਿਕਾਰੀ ਸ਼ੇਖਰ ਗਰਗ ਦੇ ਨਾਲ ਨਿੱਜੀ ਤੌਰ ‘ਤੇ ਚੰਡੀਗੜ੍ਹ ਦੇ ਡੀਸੀ ਨਿਸ਼ਾਂਤ ਯਾਦਵ ਨੂੰ ਮਿਲੇ।
ਉਨ੍ਹਾਂ ਨੇ ਡੀਸੀ ਨੂੰ ਪੂਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਸ਼ਿਕਾਇਤਕਰਤਾ ਦੇ ਅਨੁਸਾਰ, ਉਨ੍ਹਾਂ ਦੀ ਗੱਲ ਸੁਣਨ ਤੋਂ ਬਾਅਦ ਡੀਸੀ ਨੇ ਕਾਰਵਾਈ ਕਰਨ ਦੀ ਗੱਲ ਕਹਿੰਦਿਆਂ ਹੋਇਆਂ ਸ਼ਿਕਾਇਤ ਐਸਐਸਪੀ ਨੂੰ ਭੇਜ ਦਿੱਤੀ। ਫਿਰ ਐਸਐਸਪੀ ਨੇ ਸ਼ਿਕਾਇਤ ਸਿਟੀ ਸੁਪਰਡੈਂਟ ਆਫ਼ ਪੁਲਿਸ ਨੂੰ ਭੇਜ ਦਿੱਤੀ।
ਉੱਥੇ ਹੀ, ਸੈਕਟਰ-24 ਚੌਕੀ ਇੰਚਾਰਜ ਕੁਲਦੀਪ ਸਿੰਘ ਨੇ ਦੋਸ਼ਾਂ ਤੋਂ ਵੱਖਰ ਪੁਲਿਸ ਦਾ ਪੱਖ ਰੱਖਿਆ ਹੈ। ਉਨ੍ਹਾਂ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ, ਪੁਲਿਸ ਪੀਯੂ ਪਹੁੰਚੀ ਅਤੇ ਡਰਾਈਵਰ ਤੋਂ ਪੁੱਛਗਿੱਛ ਕੀਤੀ। ਉਸ ਨੇ ਖੁਦ ਨੂੰ ਪੰਜਾਬ ਆਬਕਾਰੀ ਵਿਭਾਗ ਦਾ ਇੰਸਪੈਕਟਰ ਦੱਸਿਆ ਅਤੇ ਕਿਹਾ ਕਿ ਉਹ ਫਤਿਹਗੜ੍ਹ ਸਾਹਿਬ ਵਿੱਚ ਡਿਊਟੀ ‘ਤੇ ਸੀ। ਜਦੋਂ ਉਸ ਦਾ ਪਛਾਣ ਪੱਤਰ ਮੰਗਿਆ ਗਿਆ ਤਾਂ ਉਸ ਨੇ ਜੋ ਪਛਾਣ ਪੱਤਰ ਦਿਖਾਇਆ ਉਹ 2023 ਤੱਕ ਵੈਲਿਡ ਸੀ।
ਚੌਕੀ ਇੰਚਾਰਜ ਨੇ ਕਿਹਾ – ਜਦੋਂ ਉਸਨੂੰ ਪੁੱਛਿਆ ਗਿਆ ਕਿ ਉਹ ਕਿੱਥੇ ਰਹਿੰਦਾ ਹੈ, ਤਾਂ ਉਸ ਨੇ ਕਿਹਾ ਕਿ ਉਹ ਪੀਯੂ ਵਿੱਚ ਰਹਿੰਦਾ ਹੈ, ਪਰ ਉਸ ਦੇ ਕੋਲ ਪੀਯੂ ਨਾਲ ਸਬੰਧਤ ਕੋਈ ਦਸਤਾਵੇਜ਼ ਨਹੀਂ ਸਨ। ਇਸ ਤੋਂ ਬਾਅਦ, ਉਸ ਨੇ ਇਹ ਵੀ ਦੱਸਿਆ ਕਿ ਉਸ ਦਾ ਘਰ ਸੈਕਟਰ-40 ਵਿੱਚ ਹੈ। ਉਸ ਨੇ ਆਪਣਾ ਆਧਾਰ ਕਾਰਡ ਵੀ ਦਿਖਾਇਆ, ਜਿਸ ‘ਤੇ ਸੈਕਟਰ-40 ਦਾ ਪਤਾ ਸੀ।
EDITED BY- HARLEEN KAUR




