
ਕੋਟਕਪੂਰਾ ਦੇ ਇੱਕ ਮਜ਼ਦੂਰ ਪਰਿਵਾਰ ਦੀ ਕਿਸਮਤ ਉਸ ਸਮੇਂ ਚਮਕ ਉੱਠੀ, ਜਦੋਂ ਸਿੱਕਮ ਸਰਕਾਰ ਦੀ ਸਿਰਫ਼ 7 ਰੁਪਏ ਦੀ ਲਾਟਰੀ ਟਿਕਟ ’ਤੇ ਇੱਕ ਕਰੋੜ ਰੁਪਏ ਦਾ ਇਨਾਮ ਨਿਕਲਿਆ। ਇਸ ਖ਼ਬਰ ਤੋਂ ਬਾਅਦ ਪਰਿਵਾਰ ਦੇ ਨਾਲ-ਨਾਲ ਇਲਾਕੇ ਦੇ ਲੋਕਾਂ ਵਿੱਚ ਵੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪਰਿਵਾਰ ਨੇ ਇੱਕ ਦਿਨ ਪਹਿਲਾਂ ਹੀ ਰੇਲਵੇ ਸਟੇਸ਼ਨ ਨੇੜੇ ਸਥਿਤ ਸਟਾਰ ਲਾਟਰੀ ਸਟਾਲ ਤੋਂ ਇਹ ਟਿਕਟ ਖ਼ਰੀਦੀ ਸੀ।
ਸ਼ਟਰਿੰਗ ਦਾ ਕੰਮ ਕਰਨ ਵਾਲੇ ਇੱਕ ਮਜ਼ਦੂਰ ਦੀ ਪਤਨੀ ਬਿਮਲਾ ਦੇਵੀ ਸ਼ਾਮ ਸਮੇਂ ਰੇਲਵੇ ਰੋਡ ਉਤੇ ਕੁਝ ਸਾਮਾਨ ਖ਼ਰੀਦਣ ਲਈ ਆਈ ਸੀ। ਇਸ ਦੌਰਾਨ ਉਨ੍ਹਾਂ ਦਾ ਲਾਟਰੀ ਟਿਕਟ ਖ਼ਰੀਦਣ ਦਾ ਮਨ ਬਣਿਆ ਅਤੇ ਉਨ੍ਹਾਂ ਨੇ ਸਿਰਫ਼ 7 ਰੁਪਏ ਦੀ ਟਿਕਟ ਖ਼ਰੀਦ ਲਈ। ਅਗਲੇ ਦਿਨ ਸ਼ਾਮ ਨੂੰ ਲਾਟਰੀ ਦਾ ਨਤੀਜਾ ਆਇਆ ਤਾਂ ਟਿਕਟ ’ਤੇ ਇੱਕ ਕਰੋੜ ਰੁਪਏ ਦਾ ਇਨਾਮ ਨਿਕਲਣ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਦੁਕਾਨਦਾਰ ਵੱਲੋਂ ਸੂਚਨਾ ਮਿਲਣ ’ਤੇ ਪਰਿਵਾਰ ਦੇ ਮੈਂਬਰ ਲਾਟਰੀ ਸਟਾਲ ’ਤੇ ਪਹੁੰਚੇ। ਇਸ ਮੌਕੇ ਦੁਕਾਨਦਾਰ ਨਰੇਸ਼ ਮੌਂਗਾ ਵੱਲੋਂ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਭੰਗੜੇ ਪਾ ਕੇ ਖ਼ੁਸ਼ੀ ਸਾਂਝੀ ਕੀਤੀ ਗਈ।
ਇਸ ਮੌਕੇ ਬਿਮਲਾ ਦੇਵੀ ਨੇ ਦੱਸਿਆ ਕਿ ਇਸ ਇਨਾਮ ਨਾਲ ਉਨ੍ਹਾਂ ਦੇ ਪਰਿਵਾਰ ਦੀਆਂ ਮੁਸ਼ਕਲਾਂ ਦੂਰ ਹੋਣਗੀਆਂ ਅਤੇ ਉਹ ਆਪਣੇ ਬੱਚਿਆਂ ਦੀ ਬਿਹਤਰ ਢੰਗ ਨਾਲ ਪਰਵਰਿਸ਼ ਕਰ ਸਕਣਗੇ। ਉਨ੍ਹਾਂ ਕਿਹਾ ਕਿ ਹਾਲੇ ਤੱਕ ਉਨ੍ਹਾਂ ਨੇ ਇਹ ਫ਼ੈਸਲਾ ਨਹੀਂ ਕੀਤਾ ਕਿ ਇਨਾਮ ਦੀ ਰਕਮ ਕਿਵੇਂ ਖ਼ਰਚ ਕੀਤੀ ਜਾਵੇਗੀ, ਪਰ ਪਰਿਵਾਰ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਬੱਚਿਆਂ ਲਈ ਕੋਈ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚਿਆ ਜਾਵੇਗਾ, ਤਾਂ ਜੋ ਉਨ੍ਹਾਂ ਦਾ ਭਵਿੱਖ ਸੁਖਾਲਾ ਬਣ ਸਕੇ।
EDITED BY- HARLEEN KAUR



