
ਅਬੋਹਰ ਕੱਪੜਾ ਵਪਾਰੀ ਦੇ ਕਤਲ ਮਾਮਲੇ ‘ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਅਬੋਹਰ ਵਿੱਚ ਹੋਏ ਕਤਲ ਮਾਮਲੇ ਵਿਚ ਸ਼ੂਟਰਾਂ ਦੀ ਮਦਦ ਕਰਨ ਵਾਲੇ ਮੁਲਜ਼ਮ ਨੂੰ ਪਟਿਆਲਾ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲਿਸ ਅਧਿਕਾਰੀਆਂ ਦੇ ਅਨੁਸਾਰ ਇਹ ਵਿਅਕਤੀ ਸ਼ੂਟਰਾਂ ਨੂੰ ਲਾਜਿਸਟਿਕ ਸਹਾਇਤਾ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਲੁਕਾਉਣ ‘ਚ ਵੀ ਮਦਦ ਸੀ। ਮੁਲਜ਼ਮ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਪਿਛਲੇ ਕੁਝ ਸਮੇਂ ਤੋਂ ਸ਼ੂਟਰਾਂ ਨਾਲ ਸੰਪਰਕ ਵਿਚ ਸੀ।
ਦੱਸ ਦਈਏ ਕਿ ਅਬੋਹਰ ਵਿੱਚ ਮਸ਼ਹੂਰ ਕੱਪੜਾ ਵਪਾਰੀ ਸੰਜੈ ਵਰਮਾ ਦੀ ਦਿਨ-ਦਿਹਾੜੇ ਹੱਤਿਆ ਕਰ ਦਿੱਤੀ ਗਈ ਸੀ। ਅਬੋਹਰ ਦੇ ਭਗਤ ਸਿੰਘ ਚੌਕ ‘ਤੇ ਸਥਿਤ ਨਿਊ ਵੇਅਰ ਵੈੱਲ ਸ਼ੋਅਰੂਮ ਦੇ ਮਾਲਕ ਸੰਜੇ ਵਰਮਾ ਦੀ ਸੋਮਵਾਰ ਸਵੇਰੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਸ਼ੋਅਰੂਮ ਦੇ ਬਾਹਰ ਵਾਪਰੀ। ਸੰਜੇ ਵਰਮਾ ਨੂੰ ਉਸ ਸਮੇਂ ਗੋਲੀ ਮਾਰ ਦਿੱਤੀ ਗਈ ਜਦੋਂ ਉਹ ਆਪਣੀ ਕਾਰ ਤੋਂ ਹੇਠਾਂ ਉਤਰ ਰਹੇ ਸਨ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ। ਗੋਲੀਬਾਰੀ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਬਾਜ਼ਾਰ ਵੀ ਬੰਦ ਹੋ ਗਿਆ।
ਅਬੋਹਰ ਦੇ ‘ਨਿਊ ਵੀਅਰ ਵੈੱਲ’ ਨਾਮ ਦੇ ਸ਼ੋਅਰੂਮ ਦੇ ਮਾਲਕ ਸੰਜੈ ਵਰਮਾ ਦੇ ਕਤਲ ਮਗਰੋਂ ਪੰਜਾਬ ’ਚ ਸਿਆਸਤ ਭਖੀ ਹੋਈ ਹੈ। ਵਿਰੋਧੀ ਧਿਰਾਂ ਨੇ ਇਸ ਹੱਤਿਆ ਦੇ ਮਾਮਲੇ ’ਤੇ ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਫ਼ਿਕਰ ਜ਼ਾਹਿਰ ਕੀਤੇ ਹਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੰਜੈ ਵਰਮਾ ਦੀ ਹੱਤਿਆ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਮੋਗਾ ਦੇ ਨਾਮੀ ਡਾਕਟਰ ’ਤੇ ਗੋਲੀਆਂ ਚਲਾਈਆਂ ਗਈਆਂ ਅਤੇ ਹੁਣ ਅਬੋਹਰ ਦੇ ਵਪਾਰੀ ਦਾ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਮਾੜਾ ਹਾਲ ਹੈ ਅਤੇ ਇਹ ਸੂਬੇ ਦਾ ਭਖਦਾ ਮੁੱਦਾ ਹੈ, ਜਿਸ ’ਤੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਚਰਚਾ ਕਰਵਾਉਣੀ ਚਾਹੀਦੀ ਹੈ।




