ਕਸੂਤਾ ਫਸਿਆ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ
BJP ਦੇ ਆਗੂ ਨੇ ਗੀਤ "ਨਾਗਿਨ" ਨੂੰ ਅਸ਼ਲੀਲ ਦੱਸਦੇ ਹੋਏ DGP ਨੂੰ ਕੀਤੀ ਸ਼ਿਕਾਇਤ

ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ਰੈਪਰ ਅਤੇ ਗਾਇਕ ਯੋ ਯੋ ਹਨੀ ਸਿੰਘ ਇਨ੍ਹੀਂ ਦਿਨੀਂ ਆਪਣੇ ਗੀਤ ‘ਨਾਗਿਨ’ ਨੂੰ ਲੈ ਵਿਵਾਦਾਂ ਵਿੱਚ ਹਨ। ਦੱਸ ਦੇਈਏ ਕਿ ਭਾਜਪਾ ਪੰਜਾਬ ਦੇ ਆਗੂ ਅਰਵਿੰਦ ਸ਼ਰਮਾ ਨੇ ਗੀਤ ਨੂੰ ਅਸ਼ਲੀਲ ਦੱਸਦੇ ਹੋਏ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਕੋਲ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਨੇ ਹਨੀ ਸਿੰਘ ਦੇ ਗਾਣੇ, “ਨਾਗਿਨ” ਦਾ ਵਿਰੋਧ ਕੀਤਾ ਹੈ ਅਤੇ ਡੀਜੀਪੀ ਤੋਂ ਗਾਇਕ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਇਸ ਦੌਰਾਨ ਪੰਜਾਬੀ ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਵਿਰੁੱਧ ਭਾਰਤੀ ਜਨਤਾ ਪਾਰਟੀ ਦੇ ਇੱਕ ਆਗੂ ਨੇ ਭਾਜਪਾ ਪੰਜਾਬ ਨੂੰ ਸ਼ਿਕਾਇਤ ਸੌਂਪਦੇ ਹੋਏ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਭਾਜਪਾ ਪੰਜਾਬ ਦੇ ਆਗੂ ਅਰਵਿੰਦ ਸ਼ਰਮਾ ਨੇ ਹਨੀ ਸਿੰਘ ਦੇ ਪੰਜਾਬੀ ਗੀਤ ਨਾਗਿਨ ਨੂੰ ਅਸ਼ਲੀਲ ਦੱਸਦੇ ਹੋਏ ਇਸ ਵਿਰੁੱਧ ਐਫ.ਆਈ.ਆਰ. ਦਰਜ ਕਰਨ ਅਤੇ ਗੀਤ ਨੂੰ ਯੂਟਿਊਬ ਸਹਿਤ ਸਾਰੇ ਡਿਜੀਟਲ ਪਲੇਟਫਾਰਮਾਂ ਤੋਂ ਤੁਰੰਤ ਹਟਾਉਣ ਦੀ ਮੰਗ ਰੱਖੀ ਹੈ।
ਦੱਸ ਦੇਈਏ ਕਿ ਸ਼ਿਕਾਇਤ ਵਿੱਚ ਅਰਵਿੰਦ ਸ਼ਰਮਾ ਨੇ ਇਲਜ਼ਾਮ ਲਗਾਇਆ ਕਿ ਗੀਤ ਵਿੱਚ ਨਗਨਤਾ, ਭੱਦਾ ਡਾਂਸ ਅਤੇ ਆਪੱਤੀਜਨਕ ਦ੍ਰਿਸ਼ ਦਿਖਾਏ ਗਏ ਹਨ, ਜੋ ਪੰਜਾਬੀ ਸੱਭਿਆਚਾਰ ਅਤੇ ਪਰੰਪਰਾਵਾਂ ਦੇ ਬਿਲਕੁਲ ਉਲਟ ਹਨ। ਉਨ੍ਹਾਂ ਕਿਹਾ ਕਿ ਮਨੋਰੰਜਨ ਦੇ ਨਾਂ ਤੇ ਪੰਜਾਬੀ ਸੰਗੀਤ ਅਤੇ ਉਸ ਦੀ ਪਛਾਣ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਜੋ ਬਹੁਤ ਚਿੰਤਾਜਨਕ ਹੈ। ਅਰਵਿੰਦ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਸੰਸਕ੍ਰਿਤੀ ਸਤਿਕਾਰ, ਮਰਿਆਦਾ ਅਤੇ ਔਰਤਾਂ ਪ੍ਰਤੀ ਆਦਰ ਲਈ ਜਾਣੀ ਜਾਂਦੀ ਹੈ, ਪਰ ਇਸ ਤਰ੍ਹਾਂ ਦੇ ਗੀਤ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ।
EDITED BY- HARLEEN KAUR




