
ਕੇਂਦਰੀ ਰੇਲ ਮੰਤਰਾਲੇ ਨੇ ਰਾਜਪੁਰਾ ਬਾਈਪਾਸ ਲਾਈਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੀ ਲਾਗਤ ਲਗਭਗ ₹411.96 ਕਰੋੜ ਹੋਵੇਗੀ। ਇਸ 13.46 ਕਿਲੋਮੀਟਰ ਲੰਬੇ ਪ੍ਰੋਜੈਕਟ ਦਾ ਉਦੇਸ਼ ਅੰਬਾਲਾ-ਜਲੰਧਰ ਰੇਲ ਕੋਰੀਡੋਰ ‘ਤੇ ਵਧ ਰਹੇ ਟ੍ਰੈਫਿਕ ਦਬਾਅ ਨੂੰ ਘੱਟ ਕਰਨਾ ਹੈ। ਇਹ ਦਾਅਵਾ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕੀਤਾ।
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਨਵੀਂ ਲਾਈਨ ਰਾਜਪੁਰਾ ਨੂੰ ਬਾਈਪਾਸ ਕਰੇਗੀ, ਜੋ ਸ਼ੰਭੂ ਵਿਚ ਸਮਰਪਿਤ ਮਾਲ ਢੋਆ-ਢੁਆਈ ਕੋਰੀਡੋਰ (ਡੀਐਫਸੀ) ਨਾਲ ਸਿੱਧਾ ਸੰਪਰਕ ਪ੍ਰਦਾਨ ਕਰੇਗੀ। ਇਸ ਨਾਲ ਮਾਲ ਢੋਆ-ਢੁਆਈ ਤੇਜ਼ ਹੋਵੇਗੀ, ਯਾਤਰੀ ਰੇਲ ਸੰਚਾਲਨ ਵਿੱਚ ਸੁਧਾਰ ਹੋਵੇਗਾ ਅਤੇ ਭਵਿੱਖ ਵਿੱਚ ਉੱਤਰੀ ਰੇਲਵੇ ਦੀ ਸਮਰੱਥਾ ਹੋਰ ਮਜ਼ਬੂਤ ਹੋਵੇਗੀ।
ਰਵਨੀਤ ਬਿੱਟੂ ਅਨੁਸਾਰ ਇਸ ਪ੍ਰਾਜੈਕਟ ਦਾ ਟੀਚਾ ਰਾਜਪੁਰਾ ਯਾਰਡ ਵਿਚ ਲੱਗਣ ਵਾਲੇ ਜਾਮ ਨੂੰ ਖਤਮ ਕਰਨਾ ਹੈ, ਜੋ ਇਸ ਵੇਲੇ ਆਪਣੀ ਸਮਰੱਥਾ ਤੋਂ ਕਿਤੇ ਵੱਧ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਬਾਲਾ-ਜਲੰਧਰ ਸੈਕਸ਼ਨ ਉੱਤਰੀ ਰੇਲਵੇ ਦੇ ਸਭ ਤੋਂ ਰੁਝੇਂਵਿਆਂ ਵਾਲੇ ਰੂਟਾਂ ਵਿੱਚੋਂ ਇਕ ਹੈ ਅਤੇ 2030-31 ਤੱਕ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਵਧਣ ਦਾ ਅਨੁਮਾਨ ਹੈ। ਇਸ ਬਾਈਪਾਸ ਨਾਲ ਮਾਲ ਗੱਡੀਆਂ ਅਤੇ ਸਵਾਰੀ ਗੱਡੀਆਂ ਰਾਜਪੁਰਾ ਯਾਰਡ ਵਿੱਚ ਫਸਣ ਦੀ ਬਜਾਏ ਸਿੱਧਾ ਨਿਕਲ ਸਕਣਗੀਆਂ, ਜਿਸ ਨਾਲ ਸਮੇਂ ਦੀ ਬਚਤ ਹੋਵੇਗੀ ਅਤੇ ਮਾਲ ਦੀ ਢੋਆ-ਢੁਆਈ ਵੀ ਤੇਜ਼ ਹੋਵੇਗੀ।
EDITED BY- HARLEEN KAUR


