ਬਰਨਾਲਾ ਦੇ ਵਾਰਡ ਨੰਬਰ 15 ‘ਚ ਭਾਜਪਾ ਉਮੀਦਵਾਰ ਦੇ ਪਤੀ ਉੱਪਰ ਹਮਲਾ
'ਆਪ' ਦੇ ਬਾਹਰੀ ਸਮੱਰਥਕਾਂ ਉਪਰ ਲੱਗੇ ਇਲਜ਼ਾਮ
ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 15 ਵਿਖੇ ਪੈ ਰਹੀਆਂ ਵੋਟਾਂ ਦਰਮਿਆਨ ਆਮ ਆਦਮੀ ਪਾਰਟੀ ਅਤੇ ਭਾਜਪਾ ਉਮੀਦਵਾਰਾਂ ਜੋ ਸਮਰਥਕਾਂ ਵਿਚਕਾਰ ਜ਼ਬਰਦਸਤ ਲੜਾਈ ਦੇਖਣ ਨੂੰ ਮਿਲੀ। ਇਸ ਝੜਪ ਦੌਰਾਨ ਭਾਜਪਾ ਉਮੀਦਵਾਰ ਦੀਪਇੰਦਰ ਕੌਰ ਦੇ ਪਤੀ ਜਸਵੀਰ ਸਿੰਘ ਗਾਂਧੀ ਦੇ ਸਿਰ ਵਿੱਚ ਗੰਭੀਰ ਸੱਟ ਵੀ ਲੱਗੀ। ਜ਼ਖ਼ਮੀ ਨੂੰ ਤੁਰੰਤ ਬਰਨਾਲਾ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ।
ਇਸ ਮੌਕੇ ਭਾਜਪਾ ਉਮੀਦਵਾਰ ਦੇ ਪਤੀ ਜਸਵੀਰ ਸਿੰਘ ਨੇ ਦੱਸਿਆ ਕਿ ਉਹ 15 ਨੰਬਰ ਵਾਰਡ ਤੋਂ ਭਾਰਤੀ ਜਨਤਾ ਪਾਰਟੀ ਤੋਂ ਚੋਣ ਲੜ ਰਹੇ ਹਨ। ਅੱਜ ਉਹਨਾਂ ਦੇ ਵਾਰਡ ਵਿੱਚ ਸਵੇਰ ਤੋਂ ਹੀ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਬਾਹਰੀ ਲੋਕ ਘੁੰਮ ਫਿਰ ਰਹੇ ਸਨ,ਜਿਨਾਂ ਬਾਰੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਕਈ ਵਾਰ ਜਾਣੂ ਕਰਾਇਆ ਪਰੰਤੂ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ।
ਇਹਨਾਂ ਬਾਹਰੀ ਲੋਕਾਂ ਵੱਲੋਂ ਵਾਰਡ ਵਿੱਚ ਜਾਲੀ ਵੋਟਾਂ ਪਾਈਆਂ ਜਾ ਰਹੀਆਂ ਸਨ। ਜਿਸ ਨੂੰ ਰੋਕੇ ਜਾਣ ਤੇ ਉਹਨਾਂ ਵੱਲੋਂ ਉਸ ਉਪਰ ਹਮਲਾ ਕਰ ਦਿੱਤਾ ਗਿਆ। ਉਸ ਦੀ ਪੱਗ ਲਾ ਦਿੱਤੀ ਗਈ ਅਤੇ ਉਸ ਦੇ ਸਿਰ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਸੱਟਾਂ ਮਾਰੀਆਂ ਗਈਆਂ ਹਨ। ਜਦ ਕਿ ਚੋਣ ਲੜ ਰਹੀ ਉਸਦੀ ਪਤਨੀ ਅਤੇ ਹੋਰ ਲੋਕਾਂ ਨੂੰ ਵੀ ਧੱਕੇ ਮਾਰੇ ਗਏ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸ਼ਰੇਆਮ ਧੱਕੇਸ਼ਾਹੀ ਉੱਪਰ ਉੱਤਰ ਆਈ ਹੈ।
ਉਹਨਾਂ ਕਿਹਾ ਕਿ ਇਹਨਾਂ ਵੋਟਾਂ ਵਿੱਚ ਸ਼ਰੇਆਮ ਜਾਲੀ ਵੋਟਾਂ ਭੁਗਤਾਈਆਂ ਜਾ ਰਹੀਆਂ ਹਨ ਅਤੇ ਚੋਣ ਕਮਿਸ਼ਨ ਤੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਜਿਨਾਂ ਲੋਕਾਂ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ,ਉਹਨਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
EDITED BY- HARLEEN KAUR



