
ਵਧੀਕ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਡਾ. ਹਰਜਿੰਦਰ ਸਿੰਘ ਬੇਦੀ ਵੱਲੋਂ ਵੱਡਾ ਫ਼ੈਸਲਾ ਲਿਆਂਦਾ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਵਿਆਹ ਪੁਰਬ ਦੇ ਮੱਦੇਨਜ਼ਰ 30 ਅਗਸਤ 2025 ਨੂੰ ਬਟਾਲਾ ਸ਼ਹਿਰ ਵਿੱਚ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ। ਇਹ ਫ਼ੈਸਲਾ ਪੰਜਾਬ ਆਬਕਾਰੀ ਐਕਟ-1914 ਦੀ ਧਾਰਾ 54 ਅਤੇ ਪੰਜਾਬ ਲੀਕਰ ਲਾਇਸੈਂਸ ਦੇ ਰੂਲ 37 (9) ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕੀਤਾ ਗਿਆ ਹੈ। ਇਸਦੇ ਨਾਲ ਹੀ ਪੰਜਾਬ ਸਰਕਾਰ ਦੇ ਆਬਕਾਰੀ ਅਤੇ ਕਰ ਵਿਭਾਗ ਵੱਲੋਂ 29 ਅਗਸਤ 2025 ਨੂੰ ਜਾਰੀ ਕੀਤੇ ਪੱਤਰ ਰਾਹੀਂ ਵੀ ਇਸ ਫ਼ੈਸਲੇ ਨੂੰ ਪ੍ਰਵਾਨਗੀ ਮਿਲੀ ਹੈ।
ਆਦੇਸ਼ ਅਨੁਸਾਰ, ਨਗਰ ਨਿਗਮ ਬਟਾਲਾ ਦੀ ਹਦੂਦ ਅੰਦਰ ਸਾਰੇ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਨਾ ਸਿਰਫ਼ ਠੇਕੇ, ਬਲਕਿ ਸ਼ਰਾਬ ਦੀ ਵਿਕਰੀ ਅਤੇ ਸਟੋਰੇਜ \‘ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲੱਗੇਗੀ। ਇਸੇ ਤਰ੍ਹਾਂ, ਬਟਾਲਾ ਸ਼ਹਿਰ ਦੇ ਸਾਰੇ ਹੋਟਲ, ਕਲੱਬ ਅਤੇ ਉਹ ਅਹਾਤੇ ਜਿੱਥੇ ਸ਼ਰਾਬ ਵੇਚਣ ਦੀ ਕਾਨੂੰਨੀ ਮਨਜ਼ੂਰੀ ਹੈ, ਉਹ ਵੀ 30 ਅਗਸਤ ਨੂੰ ਸ਼ਰਾਬ ਦੀ ਵਿਕਰੀ ਨਹੀਂ ਕਰ ਸਕਣਗੇ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਹੁਕਮ ਇੱਕ-ਤਰਫ਼ਾ ਜਾਰੀ ਕੀਤੇ ਗਏ ਹਨ ਅਤੇ ਇਹਨਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ਼ਰਾਬ ਦੀ ਵਿਕਰੀ ਜਾਂ ਸਟੋਰੇਜ ਕਰਦੇ ਹੋਏ ਕੋਈ ਵੀ ਵਿਅਕਤੀ ਫੜਿਆ ਜਾਂਦਾ ਹੈ ਤਾਂ ਉਸ ਉੱਤੇ ਪੰਜਾਬ ਆਬਕਾਰੀ ਐਕਟ ਅਧੀਨ ਸਖ਼ਤ ਕਾਰਵਾਈ ਹੋਵੇਗੀ।



