
ਪੰਜਾਬ ਦੇ ਵਿੱਚ ਪਿਛਲੇ ਕੁੱਝ ਸਮੇਂ ਤੋਂ ਹਸਪਤਾਲਾਂ ਦੇ ਵਿੱਚ ਡਾਕਟਰਾਂ ਜਾਂ ਮੈਡੀਕਲ ਸਟਾਫ ਦੇ ਨਾਲ ਕੁੱਟਮਾਰ ਦੇ ਮਾਮਲੇ ਵੱਧੇ ਹਨ। ਜਿਸ ਕਰਕੇ ਲਗਾਤਾਰ ਡਾਕਟਰਾਂ ਵੱਲੋਂ ਹਸਪਤਾਲਾਂ ਦੇ ਅੰਦਰ ਸੁਰੱਖਿਆ ਇੰਤਜ਼ਾਮਾਂ ਨੂੰ ਵਧਾਉਣ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਸੀ। ਜਿਸ ਨੂੰ ਲੈ ਕੇ ਸੂਬਾ ਸਰਕਾਰ ਨੇ ਖਾਸ ਉਪਰਾਲਾ ਕੀਤਾ ਹੈ। ਪੰਜਾਬ ‘ਚ 24 ਘੰਟੇ ਖੁੱਲ੍ਹੇ ਰਹਿਣ ਵਾਲੇ ਸਰਕਾਰੀ ਹਸਪਤਾਲਾਂ ਵਿੱਚ ਹੁਣ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨਾਲ ਹੋਣ ਵਾਲੇ ਕੁੱਟਮਾਰ ਕੇਸਾਂ ’ਤੇ ਰੋਕ ਲਗੇਗੀ। ਸਰਕਾਰ ਨੇ ਪਾਇਲਟ ਪ੍ਰੋਜੈਕਟ ਦੇ ਤਹਿਤ 23 ਜ਼ਿਲ੍ਹਾ ਹਸਪਤਾਲਾਂ ਵਿੱਚ 200 ਸੁਰੱਖਿਆ ਗਾਰਡ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਇਹ ਤਾਇਨਾਤੀ ਪੰਜਾਬ ਏਕਸ ਸਰਵਿਸਮੈਨ ਕਾਰਪੋਰੇਸ਼ਨ (PESCO) ਦੇ ਤਹਿਤ ਕੀਤੀ ਜਾਵੇਗੀ।
ਇਸ ਮਹੀਨੇ ਦੇ ਅੰਤ ਤੱਕ ਸਾਰੀ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਜੇ ਇਹ ਪ੍ਰੋਜੈਕਟ ਸਫਲ ਰਹਿੰਦਾ ਹੈ ਤਾਂ ਹੋਰ ਹਸਪਤਾਲਾਂ ਵਿੱਚ ਵੀ ਇਹ ਲਾਗੂ ਕੀਤਾ ਜਾਵੇਗਾ। ਇਸ ਫੈਸਲੇ ਨਾਲ ਡਾਕਟਰਾਂ ਨੂੰ ਰਾਹਤ ਮਿਲੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਇਹ ਸਟਾਫ਼ ਐਮਰਜੈਂਸੀ ਵਿੱਚ ਤਾਇਨਾਤ ਰਹੇਗਾ।
ਜੇ ਦੋ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਹਸਪਤਾਲਾਂ ਵਿੱਚ ਡਾਕਟਰਾਂ ਨਾਲ ਲਗਭਗ 80 ਕੁੱਟਮਾਰ ਦੇ ਕੇਸ ਦਰਜ ਹੋ ਚੁੱਕੇ ਹਨ। ਹਰ 10ਵੇਂ ਦਿਨ ਇੱਕ ਕੇਸ ਆਉਂਦਾ ਹੈ। ਡਾਕਟਰਾਂ ਦੇ ਅਨੁਸਾਰ ਇਹ ਸਥਿਤੀ ਸਿਰਫ਼ ਬੋਰਡਰ ਇਲਾਕਿਆਂ ਦੇ ਜ਼ਿਲਿਆਂ ਵਿੱਚ ਹੀ ਨਹੀਂ, ਸਗੋਂ ਵੀ ਆਈਪੀ ਜ਼ਿਲ੍ਹਾ ਮੋਹਾਲੀ ਵਿੱਚ ਵੀ ਆ ਚੁੱਕੀ ਹੈ। ਕਈ ਵਾਰੀ ਇਸ ਕਾਰਨ ਡਾਕਟਰ ਆਪਣਾ ਕੰਮ ਵੀ ਢੰਗ ਨਾਲ ਨਹੀਂ ਕਰ ਪਾਉਂਦੇ। ਉਹਨਾਂ ਨੂੰ ਆਪਣੀ ਸੁਰੱਖਿਆ ਦਾ ਡਰ ਲੱਗਿਆ ਰਹਿੰਦਾ ਹੈ।
ਪਿਛਲੇ ਸਾਲ ਸਤੰਬਰ ਵਿੱਚ ਜਦੋਂ ਮੋਹਾਲੀ ਦੇ ਡੇਰਾ ਬੱਸੀ ਅਤੇ ਜਲੰਧਰ ਵਿੱਚ ਡਾਕਟਰਾਂ ਨਾਲ ਕੁੱਟਮਾਰ ਹੋਈ ਸੀ, ਉਸ ਸਮੇਂ ਡਾਕਟਰਾਂ ਨੇ ਕੰਮ ਰੋਕ ਦਿੱਤਾ ਸੀ। ਨਾਲ ਹੀ ਡਾਕਟਰਾਂ ਦੀ ਸੁਰੱਖਿਆ ਦਾ ਮਸਲਾ ਪ੍ਰਭਾਵਸ਼ਾਲੀ ਤਰੀਕੇ ਨਾਲ ਉੱਠਾਇਆ ਗਿਆ ਸੀ। ਇਸਦੇ ਬਾਅਦ ਫੈਸਲਾ ਲਿਆ ਗਿਆ ਕਿ ਸਾਰੇ ਜ਼ਿਲਿਆਂ ਵਿੱਚ ਬਣੇ ਹੈਲਥ ਸੁਰੱਖਿਆ ਬੋਰਡ ਵੱਲੋਂ ਮੈਡੀਕਲ ਸੰਸਥਾਨਾਂ ਦਾ ਸੁਰੱਖਿਆ ਆਡੀਟ ਕੀਤਾ ਜਾਵੇਗਾ।
ਨਾਲ ਹੀ ਸਾਰੇ ਹਸਪਤਾਲਾਂ ਵਿੱਚ ਉਹਨਾਂ ਸਥਾਨਾਂ ਦੀ ਪਛਾਣ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇਸਦੇ ਬਾਅਦ ਸਾਰੇ ਹਸਪਤਾਲਾਂ ਵਿੱਚ ਡਾਰਕ ਪੁਆਇੰਟ ਕਵਰ ਕੀਤੇ ਗਏ ਸਨ। ਜ਼ਿਆਦਾਤਰ ਹਸਪਤਾਲਾਂ ਦੀ ਐਮਰਜੈਂਸੀ ਵਿੱਚ ਕੈਮਰੇ ਲਗਾਏ ਗਏ ਸਨ, ਪਰ ਹੁਣ ਤੱਕ ਗਾਰਡ ਤਾਇਨਾਤ ਨਹੀਂ ਹੋ ਸਕੇ ਕਿਉਂਕਿ ਇਸ ਲਈ ਫੰਡ ਦੀ ਘਾਟ ਸੀ। ਇਸਦੇ ਬਾਅਦ ਵਿੱਤ ਵਿਭਾਗ ਤੋਂ ਇਸ ਬਾਰੇ ਮਨਜ਼ੂਰੀ ਲਵਾਈ ਗਈ, ਜਿਸ ਮਗਰੋਂ ਇਨ੍ਹਾਂ ਦੀ ਤਾਇਨਾਤ ਦਾ ਫੈਸਲਾ ਲਿਆ ਗਿਆ ਹੈ।
ਇਨ੍ਹਾਂ ਸੁਰੱਖਿਆ ਗਾਰਡਾਂ ਦੀ ਨਿਯੁਕਤੀ 31 ਮਾਰਚ 2026 ਤੱਕ ਆਉਟਸੋਰਸ ਦੇ ਜ਼ਰੀਏ ਕੀਤੀ ਜਾਵੇਗੀ। ਇਨ੍ਹਾਂ ਦੀ ਨਿਯੁਕਤੀ ਵਿੱਚ ਪੰਜਾਬ ਸਰਕਾਰ ਦੀ ਰਿਜ਼ਰਵੇਸ਼ਨ ਪਾਲਿਸੀ ਲਾਗੂ ਰਹੇਗੀ। ਇਹਨਾਂ ਮੁਲਾਜ਼ਮਾਂ ਨੂੰ ਭੁਗਤਾਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਤਹਿਤ ਚੱਲ ਰਹੀ ਸਕੀਮ ਅਨੁਸਾਰ ਕੀਤਾ ਜਾਵੇਗਾ। ਪੀਸੀਐਮਐਸ ਐਸੋਸੀਏਸ਼ਨ ਪੰਜਾਬ ਦੇ ਡਾ. ਅਖਿਲ ਸਰੀਨ ਨੇ ਕਿਹਾ ਕਿ ਸਰਕਾਰ ਦਾ ਇਹ ਚੰਗਾ ਕਦਮ ਹੈ। ਇਸ ਨਾਲ ਡਾਕਟਰਾਂ ਨੂੰ ਹਸਪਤਾਲ ਵਿੱਚ ਇੱਕ ਚੰਗਾ ਮਾਹੌਲ ਮਿਲੇਗਾ।
EDITED BY- HARLEEN KAUR




