
ਜਲੰਧਰ ਦੇ ਜੱਗੂ ਚੌਂਕ ਨੇੜੇ ਸਥਿਤ ਇੰਡੀਆ ਜਵੈਲਰਜ਼ ਦੀ ਦੁਕਾਨ ‘ਚ ਚੋਰੀ ਦਾ ਦੰਗਲ ਸਾਹਮਣੇ ਆਇਆ ਹੈ। ਦੁਕਾਨਦਾਰ ਨੇ ਇਕ ਔਰਤ ਉੱਤੇ ਸੋਨੇ ਦੀਆਂ ਬਾਲੀਆਂ ਚੋਰੀ ਕਰਨ ਦੇ ਦੋਸ਼ ਲਗਾਏ ਹਨ। ਇਸ ਮਾਮਲੇ ‘ਚ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਸਾਹਮਣੇ ਆਈ ਹੈ। ਚੋਰੀ ਦੀ ਸੂਚਨਾ ਮਿਲਣ ‘ਤੇ ਥਾਣਾ ਨੰਬਰ 2 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਹੰਗਾਮੇ ਦੀ ਸਥਿਤੀ ਬਣ ਗਈ। ਮੌਕੇ ‘ਤੇ ਪਹੁੰਚੀ ਲੇਡੀ ਪੁਲਿਸ ਨੇ ਔਰਤ ਦੀ ਤਲਾਸ਼ੀ ਦੌਰਾਨ ਉਸਦੇ ਕਬਜ਼ੇ ‘ਚੋਂ ਤੰਬਾਕੂ, ਲਾਈਟਰ ਤੇ ਹੋਰ ਨਸ਼ੀਲਾ ਸਮਾਨ ਬਰਾਮਦ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਥਾਣੇ ਲੈ ਜਾ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ।
ਥਾਣਾ ਨੰਬਰ 2 ਦੇ ਏਐਸਆਈ ਗੋਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਇੰਡੀਆ ਜਵੈਲਰਜ਼ ਦੇ ਮਾਲਕ ਚੰਦਰਮੋਹਨ ਵੱਲੋਂ ਸੂਚਨਾ ਮਿਲੀ ਸੀ ਕਿ ਇਕ ਗਾਹਕ ਨੇ ਗਹਿਣੇ ਚੋਰੀ ਕੀਤੇ ਹਨ। ਪੁਲਿਸ ਦੇ ਮੌਕੇ ‘ਤੇ ਪਹੁੰਚਣ ਤੋਂ ਬਾਅਦ ਔਰਤ ਦੇ ਕਬਜ਼ੇ ‘ਚੋਂ ਨਸ਼ੀਲਾ ਪਦਾਰਥ ਤਾਂ ਮਿਲਿਆ, ਪਰ ਸੋਨੇ ਦੀਆਂ ਬਾਲੀਆਂ ਨਹੀਂ ਮਿਲੀਆਂ। ਪੁਲਿਸ ਨੇ ਦੱਸਿਆ ਕਿ ਦੁਕਾਨਦਾਰ ਦੇ ਬਿਆਨਾਂ ਦੇ ਆਧਾਰ ‘ਤੇ ਔਰਤ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
ਪੀੜਤ ਦੁਕਾਨਦਾਰ ਚੰਦਰਮੋਹਨ ਨੇ ਦੱਸਿਆ ਕਿ ਔਰਤ ਸੋਨੇ ਦੀਆਂ ਬਾਲੀਆਂ ਦੇਖਣ ਲਈ ਆਈ ਸੀ। ਇਸ ਦੌਰਾਨ ਉਸਨੇ ਚਲਾਕੀ ਨਾਲ ਬਾਲੀਆਂ ਦੀ ਇਕ ਜੋੜੀ ਆਪਣੀ ਮੁੱਠੀ ‘ਚ ਫੜ ਲਈ ਤੇ ਛੁਪਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਦੁਕਾਨਦਾਰ ਨੇ ਬਾਲੀਆਂ ਵਾਪਸ ਮੰਗੀਆਂ ਤਾਂ ਉਸਨੇ ਉਹਨਾਂ ਨੂੰ ਪੈਰਾਂ ‘ਚ ਲੁਕਾ ਲਿਆ। ਪੁਲਿਸ ਦੇ ਆਉਣ ‘ਤੇ ਜਦੋਂ ਔਰਤ ਦੀ ਤਲਾਸ਼ੀ ਲਈ ਗਈ ਤਾਂ ਉਸਦੇ ਕੋਲੋਂ ਨਸ਼ੀਲੇ ਪਦਾਰਥ ਤਾਂ ਮਿਲੇ, ਪਰ ਸੋਨੇ ਦੀਆਂ ਬਾਲੀਆਂ ਨਹੀਂ ਮਿਲੀਆਂ। ਦੁਕਾਨਦਾਰ ਦੇ ਅਨੁਸਾਰ ਚੋਰੀ ਕੀਤੀ ਗਈ ਬਾਲੀ ਲਗਭਗ ਸਾਢੇ ਤਿੰਨ ਤੋਂ ਚਾਰ ਗ੍ਰਾਮ ਤੱਕ ਦੀ ਸੀ, ਜਿਸਦੀ ਕੀਮਤ ਤਕਰੀਬਨ 50 ਹਜ਼ਾਰ ਰੁਪਏ ਬਣਦੀ ਹੈ। ਹਾਲਾਂਕਿ ਹੁਣ ਤੱਕ ਉਹ ਬਾਲੀਆਂ ਬਰਾਮਦ ਨਹੀਂ ਹੋਈਆਂ।



