
ਪ੍ਰਕਾਸ਼ ਉਤਸਵ ਸਿੱਖ ਧਰਮ ਦਾ ਸਭ ਤੋਂ ਵੱਡਾ ਤਿਉਹਾਰ ਹੈ, ਜੋ ਹਰ ਸਾਲ ਕਾਰਤਕ ਮਹੀਨੇ ਦੀ ਪੂਰਨਿਮਾ (ਕਾਰਤਕ ਪੂਰਨਿਮਾ 2025) ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਮੁੱਖ ਤੌਰ ‘ਤੇ ਸਿੱਖ ਧਰਮ ਦੇ ਪਹਿਲੇ ਗੁਰੂ ਅਤੇ ਸਥਾਪਕ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹੈ। ਕਾਰਤਕ ਪੂਰਨਿਮਾ ਦੇ ਦਿਨ ਸਿੱਖ ਭਾਈਚਾਰਾ ਗੁਰੂ ਨਾਨਕ ਦੇਵ ਜੀ ਦੀ ਜਨਮ ਜਯੰਤੀ ਵਜੋਂ ਇਹ ਦਿਨ ਮਨਾਉਂਦਾ ਹੈ।
ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਸਨ ਅਤੇ ਉਹਨਾਂ ਨੂੰ ਸਾਰੀ ਦੁਨੀਆ ਵਿੱਚ ਸੱਚ, ਪਿਆਰ ਅਤੇ ਮਨੁੱਖਤਾ ਦੇ ਪ੍ਰਤੀਕ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਉਹਨਾਂ ਦਾ ਜਨਮ 1469 ਵਿੱਚ ਤਲਵੰਡੀ (ਹੁਣ ਨਨਕਾਣਾ ਸਾਹਿਬ, ਪਾਕਿਸਤਾਨ) ਵਿੱਚ ਹੋਇਆ ਸੀ। ਗੁਰੂ ਜੀ ਦੇ ਪਿਤਾ ਦਾ ਨਾਮ ਮੇਹਤਾ ਕਾਲੂ ਅਤੇ ਮਾਤਾ ਦਾ ਨਾਮ ਮਾਤਾ ਤ੍ਰਿਪਤਾ ਸੀ। ਬਚਪਨ ਤੋਂ ਹੀ ਉਹ ਸੱਚੇ, ਦਇਆਲੂ ਅਤੇ ਪ੍ਰਭੂ ਭਗਤ ਸਨ।
ਇਸ ਸਾਲ ਕਾਰਤਕ ਪੂਰਨਿਮਾ ਬੁੱਧਵਾਰ, 5 ਨਵੰਬਰ ਯਾਨੀਕਿ ਅੱਜ ਹੈ। ਇਸ ਲਈ ਅੱਜ ਦੇਸ਼ ਦੇ ਵਿੱਚ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇਸ ਸਾਲ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਹੈ।
ਗੁਰਦੁਆਰਿਆਂ ਨੂੰ ਫੁੱਲਾਂ, ਮਾਲਿਆਂ ਅਤੇ ਲਾਈਟਾਂ ਨਾਲ ਸਜਾਇਆ ਜਾਂਦਾ ਹੈ। ਗੁਰਦੁਆਰਿਆਂ ਵਿੱਚ ਕੀਰਤਨ, ਲੰਗਰ ਸੇਵਾ, ਅਰਦਾਸ, ਸਤਸੰਗ ਅਤੇ ਕੀਰਤਨ ਦਰਬਾਰ ਦਾ ਸੁਹਾਵਾ ਮਾਹੌਲ ਨਜ਼ਰ ਆ ਰਿਹਾ ਹੈ। ਇਸ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ (Guru Nanak Dev Quotes) ਨੂੰ ਵੀ ਯਾਦ ਕੀਤਾ ਜਾਂਦਾ ਹੈ।
EDITED BY- HARLEEN KAUR




