
ਅੰਮ੍ਰਿਤਸਰ ਸ਼ਹਿਰ ‘ਚ ਸਰਕਾਰੀ ਆਵਾਜਾਈ ਪ੍ਰਣਾਲੀ ਨੂੰ ਆਧੁਨਿਕ ਤੇ ਵਾਤਾਵਰਣ-ਅਨੁਕੂਲ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ ਤਹਿਤ ਅਗਲੇ ਸਾਲ ਤੋਂ ਸ਼ਹਿਰ ਦੀਆਂ ਸੜਕਾਂ ‘ਤੇ 100 ਨਵੀਆਂ ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ। ਪੰਜਾਬ ਬਜਟ 2025 ਵਿੱਚ ਵੀ ਇਸ ਯੋਜਨਾ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਹੁਣ ਇਸ ਨੂੰ ਹਕੀਕਤ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਨਗਰ ਨਿਗਮ ਨੇ ਇਸ ਯੋਜਨਾ ਲਈ ਲੋੜੀਂਦੀ ਜ਼ਮੀਨ ਦੇ ਚੋਣ-ਪ੍ਰਕਿਰਿਆ ਪੂਰੀ ਕਰ ਲਈ ਹੈ। ਅਧਿਕਾਰੀਆਂ ਮੁਤਾਬਕ, ਈ-ਬੱਸਾਂ ਲਈ ਕੁੱਲ 3.63 ਕਰੋੜ ਰੁਪਏ ਦੀ ਲਾਗਤ ਨਾਲ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਵੇਗਾ, ਜਿਸ ਵਿੱਚ ਬੱਸ ਡਿਪੋ, ਚਾਰਜਿੰਗ ਸਟੇਸ਼ਨ ਅਤੇ ਮੇਨਟੇਨੈਂਸ ਸੁਵਿਧਾਵਾਂ ਸ਼ਾਮਲ ਹਨ। ਇਸ ਯੋਜਨਾ ਦਾ ਮੁੱਖ ਮਕਸਦ ਸ਼ਹਿਰ ਦੇ ਆਵਾਜਾਈ ਸਿਸਟਮ ਨੂੰ ਹੋਰ ਸੁਧਾਰਨਾ ਤੇ ਪ੍ਰਦੂਸ਼ਣ ਵਿੱਚ ਕਮੀ ਲਿਆਉਣਾ ਹੈ।
ਅੰਮ੍ਰਿਤਸਰ ਦੇ ਮੇਅਰ ਮੋਤੀ ਭਾਟੀਆ ਅਤੇ ਨਿਗਮ ਅਧਿਕਾਰੀਆਂ ਦੇ ਅਨੁਸਾਰ ਸ਼ਹਿਰ ਦੇ ਕਈ ਰੂਟਾਂ ‘ਤੇ ਪੁਰਾਣੀਆਂ ਡੀਜ਼ਲ ਬੱਸਾਂ ਦੀ ਥਾਂ ਈ-ਬੱਸਾਂ ਦੌੜਾਈਆਂ ਜਾਣਗੀਆਂ, ਤਾਂ ਜੋ ਪ੍ਰਦੂਸ਼ਣ ਘਟੇ ਅਤੇ ਯਾਤਰੀਆਂ ਨੂੰ ਹੋਰ ਸੁਵਿਧਾਜਨਕ ਯਾਤਰਾ ਮਿਲੇ।
ਈ-ਬੱਸਾਂ ਸ਼ਹਿਰ ਦੇ ਭੀੜ-ਭੜਕੇ ਵਾਲੇ ਰੂਟਾਂ ‘ਤੇ ਪ੍ਰਾਥਮਿਕਤਾ ਨਾਲ ਚਲਾਈਆਂ ਜਾਣਗੀਆਂ, ਖ਼ਾਸ ਕਰਕੇ ਵਾਲ ਸਿਟੀ ਦੇ ਬਾਹਰੀ ਰਿੰਗ ਰੋਡ ‘ਤੇ। ਏਅਰਪੋਰਟ ਤੋਂ ਗੋਲਡਨ ਟੈਂਪਲ, ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਨੂੰ ਵੀ ਜੋੜਨ ਦੀ ਯੋਜਨਾ ਹੈ। ਇਸ ਤੋਂ ਇਲਾਵਾ ਗੋਲਡਨ ਗੇਟ ਤੋਂ ਇੰਡੀਆ ਗੇਟ ਅਤੇ ਵੇਰਕਾ ਤੋਂ ਏਅਰਪੋਰਟ ਤੱਕ ਦੇ ਰੂਟਾਂ ‘ਤੇ ਵੀ ਬੱਸਾਂ ਚਲਾਉਣ ਦੀ ਯੋਜਨਾ ਬਣਾਈ ਗਈ ਹੈ।
ਬੱਸਾਂ ਵਿੱਚ ਆਧੁਨਿਕ ਤਕਨਾਲੋਜੀ, GPS ਟਰੈਕਿੰਗ, ਪੈਨਿਕ ਬਟਨ, ਕੈਮਰੇ ਆਦਿ ਲਗਾਏ ਜਾਣਗੇ। ਪਹਿਲਾ ਫੇਜ਼ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਪੂਰਾ ਹੋਵੇਗਾ ਅਤੇ ਲੋਕਾਂ ਲਈ ਲਗਭਗ 40 ਬੱਸਾਂ ਚਲਾਈਆਂ ਜਾਣਗੀਆਂ। ਬੱਸਾਂ ਦੀ ਦੇਖਭਾਲ ਅਤੇ ਚਾਰਜਿੰਗ ਇੰਫਰਾਸਟਰੱਕਚਰ ਵੀ ਤਿਆਰ ਕੀਤਾ ਜਾ ਰਿਹਾ ਹੈ।
EDITED BY- HARLEEN KAUR



