
ਫਤਹਿਗੜ੍ਹ ਸਾਹਿਬ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਸਾਹਮਣੇ ਆਇਆ ਹੈ, ਜਿਸ ਵਿੱਚ ਨਵੇਂ ਵਿਆਹੇ ਜੋੜੇ ਦੀ ਕਾਰ ਟਰੱਕ ਨਾਲ ਟਕਰਾਉਣ ਕਾਰਨ ਭਿਆਨਕ ਹਾਦਸਾ ਹੋ ਗਿਆ। ਇਸ ਹਾਦਸੇ ਵਿੱਚ ਨਵੀਂ ਦੁਲਹਨ ਅਮਰਦੀਪ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੁੱਲ੍ਹਾ ਗੁਰਮੁਖ ਸਿੰਘ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਥਾਣਾ ਬਡਾਲੀ ਆਲਾ ਸਿੰਘ ਦੇ ਐਸਐਚਓ ਹਰਕੀਰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਾਨੁਪੁਰ ਤੋਂ ਬਲਾੜੇ ਵਾਲੇ ਰੋਡ ‘ਤੇ ਇੱਕ ਗੰਭੀਰ ਹਾਦਸਾ ਵਾਪਰਿਆ ਹੈ। ਮੌਕੇ ‘ਤੇ ਪਹੁੰਚਣ ‘ਤੇ ਪਤਾ ਲੱਗਾ ਕਿ ਕਾਰ ਵਿੱਚ 21 ਸਾਲ ਦਾ ਨਵਾਂ ਵਿਆਹਿਆ ਜੋੜਾ ਸਵਾਰ ਸੀ—ਗੁਰਮੁਖ ਸਿੰਘ ਅਤੇ ਅਮਰਦੀਪ ਕੌਰ। ਹਾਦਸਾ ਕਿਵੇਂ ਵਾਪਰਿਆ, ਇਸ ਦੇ ਕਾਰਨਾਂ ਦੀ ਪੁਸ਼ਟੀ ਅਜੇ ਤੱਕ ਨਹੀਂ ਹੋ ਸਕੀ, ਪਰ ਇਹ ਟਰੱਕ ਨਾਲ ਟੱਕਰ ਦਾ ਮਾਮਲਾ ਹੈ।
ਜਾਣਕਾਰੀ ਮੁਤਾਬਕ, ਜੋੜੇ ਦਾ ਵਿਆਹ ਇਸ ਐਤਵਾਰ ਨੂੰ ਹੀ ਹੋਇਆ ਸੀ, ਪਰ ਵਿਆਹ ਮਗਰੋਂ ਕੁਝ ਦਿਨਾਂ ਵਿੱਚ ਹੀ ਇਹ ਦਰਦਨਾਕ ਹਾਦਸਾ ਉਨ੍ਹਾਂ ਦੀ ਜ਼ਿੰਦਗੀ ਨੂੰ ਉਲਟ ਕੇ ਰੱਖ ਗਿਆ।
EDITED BY- HARLEEN KAUR



