ਜੇ 1 ਕਰੋੜ ਰੁਪਏ ਨਾ ਦਿੱਤੇ ਤਾਂ ਦੇ ਦਵਾਂਗੇ ਮੌਤ, ਸੁਨਿਆਰੇ ਨੂੰ ਆਇਆ ਧਮਕੀ ਭਰਿਆ ਫੋਨ
ਇਲਾਕੇ 'ਚ ਮੱਚਿਆ ਹੜਕੰਪ

ਪੰਜਾਬ ਦੇ ਵਿੱਚ ਧਮਕੀ ਭਰੇ ਫੋਨਾਂ ਦਾ ਸਿਲਸਿਲਾਂ ਰੁਕ ਨਹੀਂ ਰਿਹਾ ਹੈ। ਨਵਾਂ ਮਾਮਲਾ ਪੰਜਾਬ ਦੇ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕੁਝ ਬਦਮਾਸ਼ਾਂ ਨੇ ਸੁਨਿਆਰੇ ਤੋਂ 1 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਹੈ। ਕਾਰੋਬਾਰੀ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗ ਗਈ ਹੈ। ਪੁਲਿਸ ਨੇ ਫਿਲਹਾਲ ਅੰਮ੍ਰਿਤ ਦਾਲਮ ਗਰੁੱਪ ਦੇ ਨਾਮ ਨਾਲ ਮਾਮਲਾ ਦਰਜ ਕੀਤਾ ਹੈ ਅਤੇ ਇਸਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।
ਪੀੜਤ ਸੁਨਿਆਰੇ ਸਚਿਨ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਤਾਜਪੁਰ ਰੋਡ ਅਤੇ ਰਾਹਾਂ ਰੋਡ ‘ਤੇ ਸੋਨੇ ਦੀ ਜਵੈਲਰੀ ਦਾ ਕਾਰੋਬਾਰ ਹੈ। ਕਿਸੇ ਵਿਅਕਤੀ ਨੇ ਉਸਨੂੰ ਫ਼ੋਨ ਕਰਕੇ 1 ਕਰੋੜ ਰੁਪਏ ਦੀ ਰੰਗਦਾਰੀ ਮੰਗੀ ਹੈ। ਰੰਗਦਾਰੀ ਨਾ ਦੇਣ ‘ਤੇ ਉਸਨੂੰ ਮੌਤ ਦੀ ਧਮਕੀ ਵੀ ਦਿੱਤੀ ਗਈ।
ਸਚਿਨ ਦੇ ਮੁਤਾਬਕ ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਪਰਿਵਾਰ ਨਾਲ ਮਿਲ ਕੇ ਇਹ ਕਾਰੋਬਾਰ ਚਲਾ ਰਿਹਾ ਹੈ। 4 ਦਸੰਬਰ 2025 ਨੂੰ ਉਸਦੇ ਵਟਸਐਪ ਨੰਬਰ ‘ਤੇ ਇੱਕ ਕਾਲ ਆਈ। ਕਾਲ ਕਰਨ ਵਾਲੇ ਨੇ ਖੁਦ ਨੂੰ ਅੰਮ੍ਰਿਤ ਦਾਲਮ ਗਰੁੱਪ ਦਾ ਮੈਂਬਰ ਦੱਸਦੇ ਹੋਏ 1 ਕਰੋੜ ਰੁਪਏ ਦੀ ਮੰਗ ਕੀਤੀ। ਉਸਨੇ ਧਮਕੀ ਦਿੱਤੀ ਕਿ ਜੇ ਪੈਸੇ ਨਾ ਦਿੱਤੇ ਗਏ ਤਾਂ ਉਸਨੂੰ ਮੌਤ ਦੇ ਦਿੱਤੀ ਜਾਵੇਗੀ।
ਪੁਲਿਸ ਹੁਣ ਇਸ ਮਾਮਲੇ ਵਿੱਚ ਵਟਸਐਪ ਨੰਬਰ ‘ਤੇ ਆਈ ਕਾਲ ਦੀ ਵਿਸਥਾਰ ਨਾਲ ਜਾਂਚ ਕਰ ਰਹੀ ਹੈ ਅਤੇ ਕਾਲ ਕਰਨ ਵਾਲੇ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
EDITED BY- HARLEEN KAUR




