
ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਨੇ ਪੁਲਿਸ ਵਿਭਾਗ ਵਿੱਚ ਹਲਚਲ ਮਚਾ ਦਿੱਤੀ ਹੈ। ਦਰਅਸਲ, ਟਾਂਡਾ ਵਿੱਚ ਗੋਲੀਆਂ ਮਾਰ ਕਤਲ ਕੀਤੇ ਦੁਕਾਨਦਾਰ ਬਲਵਿੰਦਰ ਸਿੰਘ ਦੇ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਇਸ ਕਤਲ ਦੀ ਇੰਸਟਾਗ੍ਰਾਮ ’ਤੇ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਇਸ ਕਤਲ ਦੀ ਜ਼ਿੰਮੇਵਾਰੀ ਅਮਰੀਕਾ ਵਿਚ ਜੇਲ੍ਹ ਵਿਚ ਬੈਠੇ ਗੁਰਦੇਵ ਜੱਸਲ ਅਤੇ ਉਸ ਦੇ ਭਰਾ ਗੁਰਲੇਲ ਰੁਦਿਆਨਾ ਨੇ ਚੁੱਕੀ ਹੈ।
ਦੁਕਾਨਦਾਰ ‘ਆਪ’ ਆਗੂ ਬਲਵਿੰਦਰ ਸਿੰਘ ਸਤਿ ਕਰਤਾਰ ਦੇ ਕਾਤਲਾਂ ਤੱਕ ਪਹੁੰਚਣ ਅਤੇ ਇਸ ਵਾਰਦਾਤ ਪਿੱਛੇ ਸਾਜ਼ਿਸ਼ ਦਾ ਪਤਾ ਲਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਉੱਦਮ ਕੀਤੇ ਜਾ ਰਹੇ ਹਨ। ਵਾਰਦਾਤ ਨੂੰ ਅੰਜਾਮ ਦੇ ਕੇ ਸ੍ਰੀ ਹਰਗੋਬਿੰਦਪੁਰ ਰੋਡ ਵੱਲ ਫਰਾਰ ਹੋਏ ਮੋਟਰਸਾਈਕਲ ਸਵਾਰ 3 ਸ਼ੂਟਰਾਂ ਦੀ ਪੈੜ ਵੀ ਪੁਲਿਸ ਨੇ ਨੱਪੀ ਹੋਈ ਹੈ। ਹਾਲਾਂਕਿ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਵੱਖ-ਵੱਖ ਥਿਊਰੀਆਂ ’ਤੇ ਕੰਮ ਕਰ ਰਹੀ ਪੁਲਿਸ ਨੇ ਅਜੇ ਤੱਕ ਕੋਈ ਵੱਡਾ ਖ਼ੁਲਾਸਾ ਨਹੀਂ ਕੀਤਾ।
EDITED BY- HARLEEN KAUR




