ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਸ਼ਾਮਲ ‘ਕਬੂਤਰ’ ਦੀ ਗਰਲਫ੍ਰੈਂਡ ਕਾਬੂ

ਦੇਸ਼ ਦੇ ਸਭ ਤੋਂ ਖਤਰਨਾਕ ਲਾਰੈਂਸ ਬਿਸ਼ਨੋਈ ਗੈਂਗ ਵਿੱਚ ਲੇਡੀ ਡੌਨ ਵੀ ਚਰਚਾ ਵਿੱਚ ਆ ਗਈ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਹੁਣ ਪੁਲਿਸ ਦੇ ਹੱਥ ਇੱਕ ਹੋਰ ਵੱਡੀ ਸਫਲਤਾ ਲੱਗੀ ਹੈ। ਦਅਰਸਲ, ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਲਾਰੈਂਸ ਬਿਸ਼ਨੋਈ ਗੈਂਗ ਵਿਰੁੱਧ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਗੈਂਗ ਦੀ ਅਹਿਮ ਮੈਂਬਰ ਅਤੇ ਲੇਡੀ ਡਾਨ ਖੁਸ਼ਨੁਮਾ ਅੰਸਾਰੀ ਉਰਫ਼ ਨੇਹਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨੇਹਾ ‘ਤੇ ਗੈਂਗ ਦੇ ਡਰੱਗ ਅਤੇ ਹਥਿਆਰਾਂ ਦੇ ਸਿੰਡੀਕੇਟ ਨੂੰ ਚਲਾਉਣ ਦੇ ਗੰਭੀਰ ਦੋਸ਼ ਹਨ।
ਨੇਹਾ ਉਰਫ਼ ‘ਮੈਡਮ ਜ਼ਹਿਰ’ ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਗੰਨਮੈਨ ਬੌਬੀ ਕਬੂਤਰ ਦੀ ਗਰਲਫ੍ਰੈਂਡ ਦੱਸੀ ਜਾ ਰਹੀ ਹੈ। ਬੌਬੀ ਕਬੂਤਰ ਗੈਂਗ ਲਈ ਹਥਿਆਰਾਂ ਦੀ ਖੇਪ ਮੁਹੱਈਆ ਕਰਵਾਉਣ ਦਾ ਕੰਮ ਕਰਦਾ ਸੀ ਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ‘ਚ ਵੀ ਉਸ ਦੀ ਸ਼ਮੂਲੀਅਤ ਸੀ। ਉਸ ਨੇ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਸੀ ਤੇ ਹੋਰ ਕਈ ਮਾਮਲਿਆਂ ‘ਚ ਵੀ ਪਿਛਲੇ 7 ਸਾਲਾਂ ਤੋਂ ਫਰਾਰ ਚੱਲ ਰਿਹਾ ਸੀ। ਉਸ ਨੂੰ ਬੀਤੇ ਦਿਨ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੌਬੀ ਕਬੂਤਰ ਭਾਰਤ ਦੇ ਸਭ ਤੋਂ ਵੱਡੇ ਗੈਰ-ਕਾਨੂੰਨੀ ਹਥਿਆਰਾਂ ਦੇ ਸੌਦਾਗਰ ਸਲੀਮ ਪਿਸਟਲ ਤੋਂ ਹਥਿਆਰ ਲੈਂਦਾ ਸੀ। ਸਲੀਮ ਪਿਸਟਲ ਪੂਰੇ ਏਸ਼ੀਆ ਵਿੱਚ ਹਥਿਆਰਾਂ ਦੀ ਸਪਲਾਈ ਲਈ ਬਦਨਾਮ ਹੈ। ਸਲੀਮ ਪਿਸਟਲ ਨੂੰ ਹਾਲ ਹੀ ਵਿੱਚ ਨੇਪਾਲ-ਭਾਰਤ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਅਨੁਸਾਰ ਸਲੀਮ ਪਿਸਟਲ ਪਾਕਿਸਤਾਨ ਦੀ ਖੁਫੀਆ ਏਜੰਸੀ ISI ਲਈ ਕੰਮ ਕਰਦਾ ਸੀ, ਜੋ ਭਾਰਤ ਵਿੱਚ ਅਸ਼ਾਂਤੀ ਫੈਲਾਉਣ ਲਈ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਦੀ ਹੈ।
ਮੈਡਮ ਜ਼ਹਿਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਹੁਣ ਇਸ ਗੈਂਗ ਦੇ ਡਰੱਗ ਸਿੰਡੀਕੇਟ ਦੇ ਹੋਰ ਮੈਂਬਰਾਂ ਦੀ ਭਾਲ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਉਸ ਕੋਲੋਂ ਮਿਲੀ ਜਾਣਕਾਰੀ ਨਾਲ ਕਈ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ। ਇਸ ਗ੍ਰਿਫ਼ਤਾਰੀ ਨਾਲ ਲਾਰੈਂਸ ਬਿਸ਼ਨੋਈ ਗੈਂਗ ਦੇ ਅੰਤਰਰਾਸ਼ਟਰੀ ਨੈੱਟਵਰਕ ਨੂੰ ਵੱਡਾ ਝਟਕਾ ਲੱਗਾ ਹੈ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕੀ ਇਨ੍ਹਾਂ ਹਥਿਆਰਾਂ ਦੀ ਵਰਤੋਂ ਪੰਜਾਬ ਜਾਂ ਦਿੱਲੀ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤੀ ਜਾਣੀ ਸੀ।
EDITED BY- HARLEEN KAUR




