ਝਾਰਖੰਡ ਦੇ ਸਾਬਕਾ CM ਦੇ ਪੋਤੇ ਦੀ ਅਚਾਨਕ ਮੌਤ

ਸਿਆਸੀ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਆਗੂਆਂ ਵਿਚਾਲੇ ਸੋਗ ਦੀ ਲਹਿਰ ਦੌੜ ਗਈ ਹੈ। ਦੱਸ ਦੇਈਏ ਕਿ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਦੇ ਪੋਤੇ ਵੀਰ ਸੋਰੇਨ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟਾਂ ਅਨੁਸਾਰ, ਇਹ ਘਟਨਾ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਵਾਪਰੀ। ਵੀਰ ਸੋਰੇਨ, ਚੰਪਈ ਸੋਰੇਨ ਦੇ ਪੁੱਤਰ ਬਾਬੂਲਾਲ ਸੋਰੇਨ ਦਾ ਪੁੱਤ ਸੀ। ਇਸ ਘਟਨਾ ਦੀ ਖ਼ਬਰ ਨੇ ਝਾਰਖੰਡ ਦੇ ਰਾਜਨੀਤਿਕ ਅਤੇ ਸਮਾਜਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ। ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਰਿਪੋਰਟਾਂ ਅਨੁਸਾਰ, ਵੀਰ ਸੋਰੇਨ ਆਪਣੇ ਦੋਸਤਾਂ ਨਾਲ ਮਨਾਲੀ ਗਿਆ ਸੀ। ਉਹ ਕੁੱਲੂ-ਮਨਾਲੀ ਖੇਤਰ ਵਿੱਚ ਬਰਫ਼ਬਾਰੀ ਦਾ ਆਨੰਦ ਮਾਣ ਰਿਹਾ ਸੀ।
ਜਾਣਕਾਰੀ ਮੁਤਾਬਕ ਉਸ ਦੀ ਉਮਰ 19 ਤੋਂ 21 ਸਾਲ ਦੇ ਵਿਚਕਾਰ ਸੀ। ਉਹ ਬਰਫ਼ਬਾਰੀ ਵਿੱਚ ਮਸਤੀ ਤੋਂ ਬਾਅਦ ਆਪਣੇ ਹੋਟਲ ਵਾਪਸ ਆਇਆ। ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ, ਵੀਰ ਸੋਰੇਨ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਿਆ। ਉਸ ਦੇ ਦੋਸਤਾਂ ਨੇ ਤੁਰੰਤ ਉਸ ਨੂੰ ਨੇੜਲੇ ਹਸਪਤਾਲ ਪਹੁੰਚਾਇਆ। ਹਸਪਤਾਲ ਦੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੌਤ ਦਾ ਸਹੀ ਕਾਰਨ ਫਿਲਹਾਲ ਪਤਾ ਨਹੀਂ ਲੱਗਿਆ ਹੈ।
ਦੱਸ ਦੇਈਏ ਕਿ ਇਹ ਘਟਨਾ ਕੁੱਲੂ ਥਾਣਾ ਖੇਤਰ ਵਿੱਚ ਵਾਪਰੀ ਦੱਸੀ ਜਾ ਰਹੀ ਹੈ। ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੋਸਟਮਾਰਟਮ ਅਤੇ ਹੋਰ ਕਾਨੂੰਨੀ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਮੁੱਢਲੀ ਜਾਣਕਾਰੀ ਅਨੁਸਾਰ ਬਹੁਤ ਜ਼ਿਆਦਾ ਠੰਢ, ਹਾਈਪੋਥਰਮੀਆ, ਜਾਂ ਅਚਾਨਕ ਸਿਹਤ ਸਮੱਸਿਆ ਵਰਗੇ ਸੰਭਾਵਿਤ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਅਧਿਕਾਰਤ ਪੁਸ਼ਟੀ ਕੀਤੀ ਜਾਵੇਗੀ।
EDITED BY- HARLEEN KAUR




