देश
ਜੱਜ ਸਾਹਿਬ ਬਾਹਰ ਕਰਦੇ ਰਹੇ ਇੰਤਜ਼ਾਰ, ਪਤਨੀ ਦੀ ਟ੍ਰੇਨ ਦੇ ਵਾਸ਼ਰੂਮ ਵਿੱਚ ਮੌਤ
ਦਰਵਾਜ਼ਾ ਤੋੜ ਕੇ ਬਾਹਰ ਕੱਢੀ ਲਾਸ਼

ਕਹਿੰਦੇ ਹਨ ਕਿ ਮੌਤ ਕਿਸੇ ਵੇਲੇ ਵੀ ਆ ਸਕਦੀ ਹੈ ਕਿਸੇ ਨੂੰ ਪਤਾ ਨਹੀਂ ਕਿ ਉਸ ਨੂੰ ਅਗਲਾ ਸਾਹ ਆਵੇਗਾ ਜਾ ਨਹੀਂ। ਕੁਝ ਅਜਿਹਾ ਹੀ ਦੇਖਣ ਨੂੰ ਮਿਲੀਆ ਹੈ ਮੱਧ ਪ੍ਰਦੇਸ਼ ਦੇ ਰਤਲਾਮ ਵਿੱਚ ਦਰਅਸਲ ਇੱਥੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਇੱਥੇ ਇੱਕ ਜੱਜ ਦੀ ਪਤਨੀ ਦੀ ਰੇਲਗੱਡੀ ਵਿੱਚ ਮੌਤ ਹੋ ਗਈ। ਉਸ ਨੂੰ ਰੇਲਗੱਡੀ ਦੇ ਵਾਸ਼ਰੂਮ ਵਿੱਚ ਸਾਈਲੈਂਟ ਦੌਰਾ ਪਿਆ। ਇਹ ਜੋੜਾ ਜੋਧਪੁਰ ਤੋਂ ਨਿੰਬੇੜਾ ਜਾ ਰਹੀ ਟ੍ਰੇਨ ਨੰਬਰ 17606 ਕਾਂਚੀਗੁੜਾ ਭਗਤ ਕੀ ਕੋਠੀ ਐਕਸਪ੍ਰੈਸ ਵਿੱਚ ਯਾਤਰਾ ਕਰ ਰਿਹਾ ਸੀ ਅਤੇ ਦੋਵੇਂ ਵੱਖ-ਵੱਖ ਡੱਬਿਆਂ ਵਿੱਚ ਯਾਤਰਾ ਕਰ ਰਹੇ ਸਨ।
ਦੱਸਿਆ ਜਾਂਦਾ ਹੈ ਕਿ ਨਿੰਬੇੜਾ ਪਹੁੰਚਣ ਤੋਂ ਪਹਿਲਾਂ ਮ੍ਰਿਤਕ ਊਸ਼ਾ ਚੌਹਾਨ ਨੇ ਆਪਣੇ ਪਤੀ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਵਾਸ਼ਰੂਮ ਜਾ ਰਹੀ ਹੈ। ਉਨ੍ਹਾਂ ਦੇ ਜੱਜ ਪਤੀ, ਰਾਜਕੁਮਾਰ ਚੌਹਾਨ, ਨਿੰਬੇੜਾ ਸਟੇਸ਼ਨ ‘ਤੇ ਉਤਰੇ, ਪਰ ਉਨ੍ਹਾਂ ਦੀ ਪਤਨੀ ਨਹੀਂ ਉਤਰੀ, ਜਿਸ ਕਾਰਨ ਉਹ ਚਿੰਤਤ ਹੋ ਗਏ। ਉਨ੍ਹਾਂ ਨੇ ਤੁਰੰਤ ਰੇਲਵੇ ਪੁਲਿਸ ਨੂੰ ਸੂਚਿਤ ਕੀਤਾ।
ਬਾਅਦ ਵਿੱਚ ਪੁਲਿਸ ਨੇ ਕਾਂਚੀਗੁੜਾ ਭਗਤ ਕੀ ਕੋਠੀ ਐਕਸਪ੍ਰੈਸ ਨੂੰ ਮੰਦਸੌਰ ਵਿਖੇ ਰੋਕ ਲਿਆ, ਪਰ ਵਾਸ਼ਰੂਮ ਦਾ ਦਰਵਾਜ਼ਾ ਨਹੀਂ ਤੋੜਿਆ ਜਾ ਸਕਿਆ। ਇਸ ਤੋਂ ਬਾਅਦ ਰਤਲਾਮ ਜ਼ਿਲ੍ਹੇ ਦੇ ਜਾਵਰਾ ਸੈਕਸ਼ਨ ਵਿੱਚ ਪੁਲਿਸ ਨੇ ਬਾਥਰੂਮ ਦਾ ਦਰਵਾਜ਼ਾ ਤੋੜਿਆ ਅਤੇ ਊਸ਼ਾ ਚੌਹਾਨ ਦੀ ਲਾਸ਼ ਵਾਸ਼ਰੂਮ ਵਿੱਚ ਪਈ ਮਿਲੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਸਾਈਲੈਂਟ ਅਟੈਕ ਆਇਆ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਵਧੀਕ ਜ਼ਿਲ੍ਹਾ ਜੱਜ ਰਾਜਕੁਮਾਰ ਚੌਹਾਨ ਨਿੰਬੇੜਾ ਵਿੱਚ ਤਾਇਨਾਤ ਹੈ ਅਤੇ ਇਹ ਜੋੜਾ ਨਿੰਬੇੜਾ ਜਾ ਰਹੇ ਸਨ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਹ ਲਾਸ਼ ਲੈ ਕੇ ਆਪਣੇ ਜੱਦੀ ਪਿੰਡ ਲਈ ਰਵਾਨਾ ਹੋ ਗਏ । ਅਚਾਨਕ ਵਾਪਰੀ ਇਸ ਘਟਨਾ ਨਾਲ ਹਰ ਕੋਈ ਹੈਰਾਨ ਹੈ।
EDITED BY- HARLEEN KAUR




