
ਬਾਲੀਵੁੱਡ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਰੈਪਰ ਅਤੇ ਗਾਇਕ ਬਾਦਸ਼ਾਹ ਆਪਣੇ ਨਵੇਂ ਗੀਤ ‘ਟਟੀਹਰੀ’ ਨੂੰ ਲੈ ਕੇ ਵੱਡੇ ਵਿਵਾਦ ਵਿੱਚ ਘਿਰ ਗਏ ਹਨ। ਗੀਤ ਜਾਰੀ ਹੋਣ ਤੋਂ ਬਾਅਦ ਇਸ ਵਿੱਚ ਵਰਤੇ ਗਏ ਸ਼ਬਦਾਂ ਅਤੇ ਦ੍ਰਿਸ਼ਾਂ ਨੂੰ ਲੈ ਕੇ ਵੱਖ-ਵੱਖ ਵਰਗਾਂ ਵੱਲੋਂ ਇਤਰਾਜ਼ ਜਤਾਇਆ ਗਿਆ ਹੈ। ਹੁਣ ਇਸ ਮਾਮਲੇ ਨੇ ਇੱਕ ਨਵਾਂ ਮੋੜ ਲੈਂਦਿਆਂ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਗਾਇਕ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
ਹਰਿਆਣਾ ਸਟੇਟ ਕਮਿਸ਼ਨ ਫਾਰ ਵੂਮੈਨ ਵੱਲੋਂ ਜਾਰੀ ਨੋਟਿਸ ਵਿੱਚ ਬਾਦਸ਼ਾਹ ਨੂੰ 13 ਮਾਰਚ ਨੂੰ ਕਮਿਸ਼ਨ ਸਾਹਮਣੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ। ਕਮਿਸ਼ਨ ਦਾ ਕਹਿਣਾ ਹੈ ਕਿ ਗੀਤ ‘ਟਟੀਹਰੀ’ ਵਿੱਚ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਸਮਾਜ ‘ਤੇ ਗਲਤ ਪ੍ਰਭਾਵ ਪੈ ਸਕਦਾ ਹੈ।
ਕਮਿਸ਼ਨ ਦੇ ਅਨੁਸਾਰ ਗੀਤ ਦੇ ਰੈਪ ਹਿੱਸੇ ਵਿੱਚ ਅਜਿਹੇ ਸ਼ਬਦ ਵਰਤੇ ਗਏ ਹਨ ਜੋ ਮਹਿਲਾਵਾਂ ਦੀ ਇੱਜ਼ਤ ਨੂੰ ਠੇਸ ਪਹੁੰਚਾਉਂਦੇ ਹਨ। ਇਸ ਦੇ ਨਾਲ ਹੀ ਗੀਤ ਦੇ ਵੀਡੀਓ ਵਿੱਚ ਕੁਝ ਦ੍ਰਿਸ਼ਾਂ ‘ਤੇ ਵੀ ਇਤਰਾਜ਼ ਕੀਤਾ ਗਿਆ ਹੈ। ਦਾਅਵਾ ਕੀਤਾ ਗਿਆ ਹੈ ਕਿ ਵੀਡੀਓ ਵਿੱਚ ਨਾਬਾਲਗ ਕੁੜੀਆਂ ਨੂੰ ਸਕੂਲ ਬੈਗ ਸੁੱਟਦੇ ਹੋਏ ਵੀ ਦਿਖਾਇਆ ਗਿਆ ਹੈ, ਜਿਸਨੂੰ ਕਮਿਸ਼ਨ ਨੇ ਗਲਤ ਸੰਦੇਸ਼ ਦੇਣ ਵਾਲਾ ਕਰਾਰ ਦਿੱਤਾ ਹੈ।
ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਗੀਤ ਨਾ ਸਿਰਫ ਮਹਿਲਾਵਾਂ ਦੀ ਛਵੀ ਨੂੰ ਨੁਕਸਾਨ ਪਹੁੰਚਾਉਂਦੇ ਹਨ, ਸਗੋਂ ਪੰਜਾਬੀ ਭਾਸ਼ਾ ਅਤੇ ਸੰਸਕ੍ਰਿਤੀ ਦਾ ਵੀ ਅਪਮਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਬਾਦਸ਼ਾਹ ਨੂੰ ਇਸ ਮਾਮਲੇ ‘ਤੇ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।
ਕਮਿਸ਼ਨ ਨੇ ਇਹ ਵੀ ਕਿਹਾ ਕਿ ਗਾਇਕ ਨੂੰ ਦੇਸ਼ ਦੀਆਂ ਬੇਟੀਆਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਮਸ਼ਹੂਰ ਕਲਾਕਾਰਾਂ ਦੀ ਸਮਾਜ ਵਿੱਚ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਕੰਮ ਰਾਹੀਂ ਸਹੀ ਸੰਦੇਸ਼ ਦੇਣਾ ਚਾਹੀਦਾ ਹੈ।
EDITED BY- HARLEEN KAUR




