
ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦੇ ਵਿਚਕਾਰ, ਬੈਂਗਲੁਰੂ ਦੇ ਹੋਟਲਾਂ ਅਤੇ ਸੈਲਫ-ਸਰਵਿਸ ਰੈਸਟੋਰੈਂਟਾਂ ਨੇ ਵਪਾਰਕ ਐਲਪੀਜੀ ਸਿਲੰਡਰਾਂ ਦੀ ਸਪਲਾਈ ਬੰਦ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਨਾਲ ਕਰਨਾਟਕ ਦੀ ਰਾਜਧਾਨੀ ਵਿੱਚ ਭੋਜਨ ਸੇਵਾ ਵਿੱਚ ਵਿਘਨ ਪੈਣ ਦਾ ਡਰ ਪੈਦਾ ਹੋ ਗਿਆ ਹੈ। ਬੈਂਗਲੁਰੂ ਹੋਟਲ ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੌਜੂਦਾ ਸਥਿਤੀ ਜਾਰੀ ਰਹੀ, ਤਾਂ ਬਹੁਤ ਸਾਰੇ ਛੋਟੇ ਅਤੇ ਦਰਮਿਆਨੇ ਆਕਾਰ ਦੇ ਰੈਸਟੋਰੈਂਟਾਂ ਨੂੰ 10 ਮਾਰਚ ਤੋਂ ਅਸਥਾਈ ਤੌਰ ‘ਤੇ ਕੰਮ ਬੰਦ ਕਰਨਾ ਪੈ ਸਕਦਾ ਹੈ।
‘ਬੈਂਗਲੁਰੂ ਹੋਟਲਜ਼ ਐਸੋਸੀਏਸ਼ਨ’ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਹਿਰ ਵਿੱਚ ਕਮਰਸ਼ੀਅਲ ਗੈਸ ਦੀ ਸਪਲਾਈ ਵਿੱਚ ਆਏ ਵੱਡੇ ਸੰਕਟ ਕਾਰਨ ਇਹ ਸਖ਼ਤ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਗਿਆ ਹੈ। ਜੇਕਰ ਸਵੇਰ ਤੱਕ ਗੈਸ ਦੀ ਸਪਲਾਈ ਬਹਾਲ ਨਹੀਂ ਹੁੰਦੀ, ਤਾਂ ਸ਼ਹਿਰ ਦੇ ਸਾਰੇ ਖਾਣ-ਪੀਣ ਵਾਲੇ ਅਦਾਰੇ ਇੱਕ-ਇੱਕ ਕਰਕੇ ਬੰਦ ਹੋ ਜਾਣਗੇ, ਜਿਸ ਨਾਲ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।
ਹੋਟਲ ਐਸੋਸੀਏਸ਼ਨ ਨੇ 19 ਕਿਲੋ ਵਾਲੇ ਕਮਰਸ਼ੀਅਲ ਐਲ.ਪੀ.ਜੀ. ਸਿਲੰਡਰਾਂ ਦੀ ਸਪਲਾਈ ਅਚਾਨਕ ਰੁਕਣ ‘ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਐਸੋਸੀਏਸ਼ਨ ਦੇ ਪ੍ਰਧਾਨ ਅਨੁਸਾਰ ਤੇਲ ਕੰਪਨੀਆਂ ਨੇ ਪਹਿਲਾਂ 70 ਦਿਨਾਂ ਤੱਕ ਲਗਾਤਾਰ ਸਪਲਾਈ ਦੇਣ ਦੀ ਗਾਰੰਟੀ ਦਿੱਤੀ ਸੀ, ਪਰ ਮੌਜੂਦਾ ਹਾਲਾਤ ਇਸ ਦੇ ਬਿਲਕੁਲ ਉਲਟ ਹਨ। ਸਪਲਾਈ ਨਾ ਹੋਣ ਕਾਰਨ ਹੋਟਲ ਸੰਚਾਲਕਾਂ ਕੋਲ ਕਾਰੋਬਾਰ ਬੰਦ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਹੈ।
ਦੂਜੇ ਪਾਸੇ, ਸਰਕਾਰ ਨੇ ਐਲ.ਪੀ.ਜੀ. ਸਿਲੰਡਰਾਂ ਦੀ ਜਮ੍ਹਾਖੋਰੀ ਅਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਕਮਰ ਕੱਸ ਲਈ ਹੈ। ਸਰਕਾਰੀ ਸੂਤਰਾਂ ਅਨੁਸਾਰ ਖਾੜੀ ਦੇਸ਼ਾਂ ਵਿੱਚ ਜਾਰੀ ਤਣਾਅ ਕਾਰਨ ਫੈਲੀਆਂ ਅਫਵਾਹਾਂ ਕਰਕੇ ਲੋਕ ਸਿਲੰਡਰਾਂ ਦੀ ਜਮ੍ਹਾਖੋਰੀ ਕਰ ਰਹੇ ਹਨ। ਇਸ ਨੂੰ ਰੋਕਣ ਲਈ ਸਰਕਾਰ ਨੇ ਬੁਕਿੰਗ ਦੀ ਮਿਆਦ 21 ਦਿਨਾਂ ਤੋਂ ਵਧਾ ਕੇ 25 ਦਿਨ ਕਰ ਦਿੱਤੀ ਹੈ।
ਸਰਕਾਰ ਨੇ ਤੇਲ ਰਿਫਾਇਨਰੀਆਂ ਨੂੰ ਐਲ.ਪੀ.ਜੀ. ਦਾ ਉਤਪਾਦਨ ਵਧਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਕੰਪਨੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਘਰੇਲੂ ਰਸੋਈ ਗੈਸ ਦੀ ਸਪਲਾਈ ਨੂੰ ਪਹਿਲ ਦਿੱਤੀ ਜਾਵੇ। ਗੈਸ ਦੀ ਕਮੀ ਨੂੰ ਪੂਰਾ ਕਰਨ ਲਈ ਭਾਰਤ ਹੁਣ ਅਲਜੀਰੀਆ, ਆਸਟ੍ਰੇਲੀਆ, ਕੈਨੇਡਾ ਅਤੇ ਨਾਰਵੇ ਵਰਗੇ ਦੇਸ਼ਾਂ ਨਾਲ ਨਵੇਂ ਕਰਾਰ ਕਰਨ ਦੀ ਵੀ ਕੋਸ਼ਿਸ਼ ਕਰ ਰਿਹਾ ਹੈ।
EDITED BY- HARLEEN KAUR



