
ਫਰੀਦਕੋਟ ਦੇ ਪਿੰਡ ਰੁਮਾਣਾ ਅਜੀਤ ਸਿੰਘ ‘ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਨੂੰਹ ਨੇ ਆਪਣੇ ਪ੍ਰੇਮੀ ਤੇ ਉਸਦੇ ਸਾਥੀ ਨਾਲ ਮਿਲ ਕੇ ਆਪਣੀ ਹੀ ਸੱਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਫਰੀਦਕੋਟ ਦੇ ਪਿੰਡ ਰੁਮਾਣਾ ਅਜੀਤ ਸਿੰਘ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਸੀ।
ਉਸ ਸਮੇਂ ਮ੍ਰਿਤਕ ਦੀ ਨੂੰਹ ਲਵਪ੍ਰੀਤ ਕੌਰ ਨੇ ਇਸ ਨੂੰ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਦੱਸ ਕੇ ਪੁਲਸ ਤੇ ਪਰਿਵਾਰ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ, ਮ੍ਰਿਤਕ ਔਰਤ ਦੇ ਭਰਾਵਾਂ ਨੇ ਮੌਤ ‘ਤੇ ਸ਼ੰਕਾ ਪ੍ਰਗਟਾਈ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕੀਤੀ।ਇਸ ਮਾਮਲੇ ਵਿੱਚ ਪੁਲਿਸ ਦੇ ਹੱਥ ਪਹਿਲਾਂ ਕੁਝ ਵੀ ਨਹੀਂ ਲੱਗਾ ਪਰ ਜਿਵੇਂ ਜਿਵੇਂ ਜਾਂਚ ਅੱਗੇ ਵਧੀ ਤਾਂ ਸਿੱਧਾ ਸ਼ੱਕ ਮ੍ਰਿਤਕ ਦੀ ਨੂੰਹ ‘ਤੇ ਗਿਆ।
ਜਿਸ ਤੋਂ ਬਾਅਦ ਪੁਲਿਸ ਵੱਲੋਂ ਮ੍ਰਿਤਕ ਦੀ ਨੂੰਹ ਲਵਪ੍ਰੀਤ ਕੌਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਕਿ ਸ਼ੁਰੂ ਕੀਤੀ। ਜਿਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਭੇਦ ਖੁੱਲਦੇ ਗਏ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਮਨਪ੍ਰੀਤ ਕੌਰ ਦੀ ਨੂੰਹ ਲਵਪ੍ਰੀਤ ਕੌਰ ਦੇ ਉਸੇ ਹੀ ਪਿੰਡ ਦੇ ਲਖਬੀਰ ਸਿੰਘ ਉਰਫ ਹੈਪੀ ਨਾਮ ਦੇ ਵਿਅਕਤੀ ਨਾਲ ਨਜਾਇਜ਼ ਸਬੰਧ ਸਨ ਅਤੇ ਜਦੋਂ ਇਸ ਦਾ ਪਤਾ ਲਵਪ੍ਰੀਤ ਕੌਰ ਦੀ ਸੱਸ ਨੂੰ ਲੱਗਾ ਤਾਂ ਉਹਨਾਂ ਦੋਵਾਂ ਵਿੱਚ ਤਕਰਾਰ ਰਹਿਣ ਲੱਗੀ।
ਜਿਸ ਤੋਂ ਬਾਅਦ ਲਵਪ੍ਰੀਤ ਕੌਰ ਵੱਲੋਂ ਆਪਣੀ ਸੱਸ ਨੂੰ ਰਸਤੇ ਤੋਂ ਹਟਾਉਣ ਅਤੇ ਆਪਣੇ ਪ੍ਰੇਮ ਸੰਬੰਧਾਂ ਵਿੱਚ ਬਣ ਰਹੇ ਅੜਿੱਕੇ ਨੂੰ ਖਤਮ ਕਰਨ ਦੀ ਸਾਜਿਸ਼ ਤਹਿਤ ਆਪਣੇ ਪ੍ਰੇਮੀ ਲਖਬੀਰ ਸਿੰਘ ਨਾਲ ਮਿਲ ਕੇ ਆਪਣੀ ਸੱਸ ਨੂੰ ਮਾਰਨ ਦੀਆਂ ਸਾਜਿਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਲਖਬੀਰ ਸਿੰਘ ਦੇ ਇੱਕ ਹੋਰ ਸਾਥੀ ਗਗਨਦੀਪ ਸਿੰਘ ਵੱਲੋਂ ਵੀ ਉਹਨਾਂ ਦਾ ਸਾਥ ਦਿੰਦੇ ਹੋਏ ਮਨਪ੍ਰੀਤ ਕੌਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਬਾਅਦ ‘ਚ ਇਸ ਨੂੰ ਹਾਰਟ ਅਟੈਕ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ।
ਸਾਰੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੱਲੋਂ ਲਖਬੀਰ ਸਿੰਘ ਅਤੇ ਗਗਨਦੀਪ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਪਤਾ ਲੱਗਿਆ ਕਿ ਦੋਵੇਂ ਕਾਤਲ ਰਾਜਸਥਾਨ ਦੇ ਚੂਰੂ ਇਲਾਕੇ ਵਿੱਚ ਛੁਪੇ ਹੋਏ ਹਨ। ਜਿੱਥੇ ਉਹਨਾਂ ਨੂੰ ਪੁਲਿਸ ਵੱਲੋਂ ਛਾਪੇਮਾਰੀ ਕਰ ਕਾਬੂ ਕਰਕੇ ਫਰੀਦਕੋਟ ਲਿਆਂਦਾ ਗਿਆ। ਫਿਲਹਾਲ ਤਿੰਨਾਂ ਦੋਸ਼ੀਆਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।




