टॉप न्यूज़

ਪੰਜਾਬ ਵਿੱਚ ਪੈਟਰੋਲ ਪੰਪਾਂ ‘ਤੇ ਖੁੱਲ੍ਹਾ ਤੇਲ ਬੰਦ

ਜੰਗ ਅਤੇ ਅਫ਼ਵਾਹਾਂ ਕਾਰਨ ਵਧੀ ਮੰਗ

ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਦੇ ਅਸਰ ਹੁਣ ਪੰਜਾਬ ਵਿੱਚ ਵੀ ਵੇਖਣ ਨੂੰ ਮਿਲ ਰਹੇ ਹਨ। ਸੂਬੇ ਦੇ ਕਈ ਹਿੱਸਿਆਂ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਪ੍ਰਭਾਵਿਤ ਹੋਣ ਲੱਗੀ ਹੈ, ਜਿਸ ਕਾਰਨ ਪੈਟਰੋਲ ਪੰਪਾਂ ’ਤੇ ਖੁੱਲ੍ਹਾ ਤੇਲ (ਡਰੰਮਾਂ ਜਾਂ ਬੋਤਲਾਂ ਵਿੱਚ) ਦੇਣਾ ਬੰਦ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਲੌਕਡਾਊਨ ਦੀਆਂ ਫੈਲ ਰਹੀਆਂ ਅਫ਼ਵਾਹਾਂ ਨੇ ਲੋਕਾਂ ਵਿੱਚ ਘਬਰਾਹਟ ਪੈਦਾ ਕਰ ਦਿੱਤੀ ਹੈ। ਲੋਕ ਵੱਡੀ ਮਾਤਰਾ ਵਿੱਚ ਤੇਲ ਖਰੀਦਣ ਲਈ ਪੰਪਾਂ ’ਤੇ ਪਹੁੰਚ ਰਹੇ ਹਨ, ਜਿਸ ਨਾਲ ਕਈ ਥਾਵਾਂ ’ਤੇ ਸਟਾਕ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ।
ਪਿਛਲੇ 24 ਘੰਟਿਆਂ ਦੌਰਾਨ ਮਾਝਾ ਅਤੇ ਦੁਆਬਾ ਖੇਤਰਾਂ ਦੇ ਕਈ ਪੈਟਰੋਲ ਪੰਪਾਂ ’ਤੇ ਲੰਮੀਆਂ ਕਤਾਰਾਂ ਦੇਖੀਆਂ ਗਈਆਂ। ਕਿਸਾਨ ਵੀ ਡਰੰਮ ਲੈ ਕੇ ਤੇਲ ਇਕੱਠਾ ਕਰਨ ਲਈ ਪੰਪਾਂ ’ਤੇ ਪਹੁੰਚ ਰਹੇ ਹਨ, ਪਰ ਤੇਲ ਕੰਪਨੀਆਂ ਦੇ ਨਿਰਦੇਸ਼ਾਂ ਅਨੁਸਾਰ ਹੁਣ ਖੁੱਲ੍ਹਾ ਤੇਲ ਦੇਣਾ ਬੰਦ ਕਰ ਦਿੱਤਾ ਗਿਆ ਹੈ। ਪੰਪ ਮਾਲਕਾਂ ਵੱਲੋਂ ਹੁਣ ਸੀਮਿਤ ਮਾਤਰਾ ਵਿੱਚ ਹੀ ਤੇਲ ਦਿੱਤਾ ਜਾ ਰਿਹਾ ਹੈ ਤਾਂ ਜੋ ਸਪਲਾਈ ਨੂੰ ਸੰਤੁਲਿਤ ਰੱਖਿਆ ਜਾ ਸਕੇ।
1 ਅਪਰੈਲ ਤੋਂ ਪੰਜਾਬ ਵਿੱਚ ਕਣਕ ਦੀ ਵਾਢੀ ਸ਼ੁਰੂ ਹੋਣ ਜਾ ਰਹੀ ਹੈ। ਇਸ ਨਾਲ ਡੀਜ਼ਲ ਦੀ ਖਪਤ ਵਿੱਚ ਵਾਧਾ ਹੋਣਾ ਲਾਜ਼ਮੀ ਹੈ, ਜਿਸ ਕਾਰਨ ਮੰਗ ਹੋਰ ਵੀ ਵਧ ਸਕਦੀ ਹੈ। ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਅਤੇ ਤੇਲ ਕੰਪਨੀਆਂ ਲਈ ਸਪਲਾਈ ਬਣਾਈ ਰੱਖਣਾ ਚੁਣੌਤੀ ਬਣ ਸਕਦਾ ਹੈ।
ਲੋਕਾਂ ਨੂੰ ਰਾਹਤ ਦਿੰਦਿਆਂ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ਘਟਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਤੇਲ ਕੰਪਨੀਆਂ ਨੂੰ ਕੁਝ ਰਾਹਤ ਮਿਲੇਗੀ ਅਤੇ ਕੀਮਤਾਂ ਵਧਣ ਦੇ ਡਰ ਵਿੱਚ ਵੀ ਕਮੀ ਆਵੇਗੀ।
ਜਲੰਧਰ, ਮੋਗਾ, ਲੁਧਿਆਣਾ, ਅੰਮ੍ਰਿਤਸਰ ਅਤੇ ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਦੇਰ ਰਾਤ ਤੱਕ ਪੈਟਰੋਲ ਪੰਪਾਂ ’ਤੇ ਲਾਈਨਾਂ ਲੱਗੀਆਂ ਰਹੀਆਂ। ਫ਼ਰੀਦਕੋਟ ਵਿੱਚ ਵੀ ਅੱਜ ਕਈ ਪੰਪਾਂ ’ਤੇ ਭੀੜ ਦੇਖਣ ਨੂੰ ਮਿਲੀ। ਕੁਝ ਪੇਂਡੂ ਖੇਤਰਾਂ ਵਿੱਚ ਤਾਂ ਪੰਪਾਂ ’ਤੇ ਤੇਲ ਮੁੱਕਣ ਦੀ ਵੀ ਖ਼ਬਰ ਹੈ, ਜਦਕਿ ਜਲੰਧਰ ਦੇ ਇੱਕ ਪੰਪ ਨੂੰ ਅਸਥਾਈ ਤੌਰ ’ਤੇ ਬੰਦ ਕਰਨਾ ਪਿਆ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!