टॉप न्यूज़

ਭਾਬੀ ਕਮਲ ਕੌਰ ਕਤਲ ਮਾਮਲੇ ‘ਚ ਅੰਮ੍ਰਿਤਪਾਲ ਮਹਿਰੋਂ ਦਾ ਵੱਡਾ ਖ਼ੁਲਾਸਾ

ਪੰਜਾਬ ਪੁਲਿਸ ਵੱਲੋਂ ਕਾਬੂ ਕੀਤੇ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਹਾਲ ਹੀ ਵਿੱਚ ਵੱਡਾ ਖੁਲਾਸਾ ਕੀਤਾ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ਇੰਫਲੂਇੰਸਰ ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਦੇ ਕਤਲ ਮਾਮਲੇ ‘ਚ ਮਹਿਰੋਂ ਨੇ ਪੁੱਛਗਿੱਛ ਦੌਰਾਨ ਵੱਡਾ ਖ਼ੁਲਾਸਾ ਕੀਤਾ। ਮੁਲਜ਼ਮ ਨੇ ਦੱਸਿਆ ਕਿ ਉਸ ਨੂੰ ਕੰਚਨ ਕੁਮਾਰੀ ਦੇ ਕਤਲ ਦਾ ਬੇਹੱਦ ਪਛਤਾਵਾ ਹੈ ਅਤੇ ਉਸ ਦਾ ਇਰਾਦਾ ਉਸ ਨੂੰ ਜਾਨੋਂ ਮਾਰਨ ਦਾ ਨਹੀਂ ਸੀ। ਪੁਲਿਸ ਪੁੱਛਗਿੱਛ ਦੌਰਾਨ ਉਸ ਨੇ ਦਾਅਵਾ ਕੀਤਾ ਕਿ ਇਹ ਕਤਲ ਅਣਜਾਣੇ ‘ਚ ਹੋਇਆ, ਜਿਸ ਕਾਰਨ ਘਬਰਾਹਟ ‘ਚ ਉਸ ਨੂੰ ਮੌਕੇ ਤੋਂ ਫ਼ਰਾਰ ਹੋਣਾ ਪਿਆ। ਡੀ. ਐੱਸ. ਪੀ. ਸਿਟੀ-2 ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਪੁੱਛਗਿੱਛ ਦੌਰਾਨ ਆਪਣਾ ਗੁਨਾਹ ਕਬੂਲਦਿਆਂ ਪਛਤਾਵਾ ਜ਼ਾਹਰ ਕੀਤਾ ਹੈ।

ਪੁਲਿਸ ਅਧਿਕਾਰੀ ਮੁਤਾਬਕ ਅਕਸਰ ਕਾਤਲ ਕਾਨੂੰਨੀ ਕਾਰਵਾਈ ਜਾਂ ਸਜ਼ਾ ‘ਚ ਨਰਮੀ ਪਾਉਣ ਲਈ ਪੁੱਛਗਿੱਛ ਦੌਰਾਨ ਅਜਿਹੇ ਪਛਤਾਵੇ ਦਾ ਪ੍ਰਗਟਾਵਾ ਕਰਦੇ ਹਨ। ਮੁਲਜ਼ਮ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ, ਜਿਸ ਨਾਲ ਕਤਲ ਨਾਲ ਜੁੜੇ ਕਈ ਹੋਰ ਅਹਿਮ ਤੱਥ ਸਾਹਮਣੇ ਆਉਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਇਸ ਵੇਲੇ ਪੁਲਿਸ ਰਿਮਾਂਡ ’ਤੇ ਹੈ। ਉਸ ਦੀ ਰਿਮਾਂਡ ਦੀ ਮਿਆਦ 15 ਅਪ੍ਰੈਲ ਨੂੰ ਖ਼ਤਮ ਹੋਵੇਗੀ, ਜਿਸ ਤੋਂ ਬਾਅਦ ਉਸ ਨੂੰ ਮੁੜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਜੂਨ 2025 ‘ਚ ਕੰਚਨ ਕੁਮਾਰੀ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ ਨੇ ਪੂਰੇ ਪੰਜਾਬ ‘ਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਕੰਚਨ ਨੂੰ ਇੱਕ ਪ੍ਰਮੋਸ਼ਨਲ ਈਵੈਂਟ ਦੇ ਬਹਾਨੇ ਬਠਿੰਡਾ ਬੁਲਾਇਆ ਗਿਆ ਸੀ, ਜਿੱਥੇ 9-10 ਜੂਨ ਦੀ ਰਾਤ ਨੂੰ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਤੋਂ ਤਿੰਨ ਦਿਨ ਬਾਅਦ ਉਸ ਦੀ ਲਾਸ਼ ਆਦਰਸ਼ ਯੂਨੀਵਰਸਿਟੀ ਦੀ ਪਾਰਕਿੰਗ ‘ਚ ਖੜ੍ਹੀ ਇੱਕ ਕਾਰ ਵਿੱਚੋਂ ਬਰਾਮਦ ਹੋਈ ਸੀ।

ਪੁਲਿਸ ਜਾਂਚ ਮੁਤਾਬਕ ਪਿੰਡ ਮਹਿਰੋਂ ਦਾ ਰਹਿਣ ਵਾਲਾ ਅੰਮ੍ਰਿਤਪਾਲ ਸਿੰਘ, ਜੋ ਕਿ ਇੱਕ ਨਿਹੰਗ ਸਿੰਘ ਹੈ, ਨੇ ਆਪਣੇ ਦੋ ਸਾਥੀਆਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨਾਲ ਮਿਲ ਕੇ ਇਸ ਕਤਲ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮਾਂ ਦਾ ਦੋਸ਼ ਸੀ ਕਿ ਕੰਚਨ ਦਾ ਸੋਸ਼ਲ ਮੀਡੀਆ ਕੰਟੈਂਟ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਕੁਝ ਘੰਟੇ ਬਾਅਦ ਹੀ ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ ਹਵਾਈ ਅੱਡੇ ਤੋਂ ਯੂ. ਏ. ਈ. ਫ਼ਰਾਰ ਹੋ ਗਿਆ ਸੀ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!