
ਫਗਵਾੜਾ ‘ਚ ਇੱਕ ਮਹਿਲਾ ਨੇ ਵੀਡੀਓ ਬਣਾ ਕੇ ਜ਼ਹਿਰ ਨਿਗਲ ਲਿਆ ਹੈ। ਵੀਡੀਓ ਵਿੱਚ ਮਹਿਲਾ ਨੇ ਜੰਡਿਆਲੀ ਪਿੰਡ ਦੇ ਸਾਬਕਾ ਸਰਪੰਚ ‘ਤੇ ਜ਼ਿੰਦਗੀ ਬਰਬਾਦ ਕਰਨ ਅਤੇ ਉਸਦੇ ਨਾਮ ‘ਤੇ ਕਰਜ਼ਾ ਲੈਣ ਦਾ ਆਰੋਪ ਲਗਾਇਆ ਹੈ। ਮਹਿਲਾ ਨੂੰ ਗੰਭੀਰ ਹਾਲਤ ਵਿੱਚ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਅਜੇ ਤੱਕ ਕੇਸ ਦਰਜ ਨਹੀਂ ਕੀਤਾ ਹੈ।
ਵੀਡੀਓ ਵਿੱਚ ਮਹਿਲਾ ਨੇ ਆਪਣਾ ਨਾਮ ਮਨਜੀਤ ਕੌਰ ਦੱਸਿਆ ਹੈ। ਜ਼ਹਿਰ ਨਿਗਲਣ ਤੋਂ ਬਾਅਦ ਮਹਿਲਾ ਕਹਿੰਦੀ ਹੈ, “ਤੈਨੂੰ ਕੀ ਲੱਗਦਾ ਸੀ ਕਿ ਮੈਂ ਤੇਰੇ ਬਿਨ੍ਹਾਂ ਮਰ ਨਹੀਂ ਸਕਦੀ। ਹੁਣ ਮੈਂ ਜ਼ਹਿਰ ਨਿਗਲ ਰਹੀ ਹਾਂ। ਮੇਰੀ ਮੌਤ ਲਈ ਸਾਬਕਾ ਸਰਪੰਚ ਜ਼ਿੰਮੇਵਾਰ ਹੋਵੇਗਾ। ਮੈਂ ਆਪਣੀ ਜ਼ਿੰਦਗੀ ਖਤਮ ਕਰ ਦਿੱਤੀ ਹੈ।
ਔਰਤ ਨੇ ਦੱਸਿਆ ਕਿ ਉਹ ਮੈਨੂੰ ਸੱਤ ਸਾਲ ਪਹਿਲਾਂ ਮੋਹਾਲੀ ਲੈ ਗਿਆ ਸੀ ਅਤੇ ਉੱਥੇ ਮੇਰੇ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦਾ ਸੀ। ਹੁਣ ਰੰਗਰਲੀਆਂ ਮਨਾ ਕੇ ਮੈਨੂੰ ਛੱਡ ਦਿੱਤਾ ਹੈ। ਔਰਤ ਦਾ ਕਹਿਣਾ ਹੈ ਕਿ ਸਾਬਕਾ ਸਰਪੰਚ ਦੇ ਕਾਰਨ ਮੈਂ ਹੁਣ ਨਾ ਤਾਂ ਪੇਕਿਆਂ ਦੀ ਰਹੀ ਅਤੇ ਨਾ ਹੀ ਆਪਣੇ ਸਹੁਰੇ ਘਰ ਦੀ। ਔਰਤ ਸਾਬਕਾ ਸਰਪੰਚ ਦੇ ਘਰ ਨੂੰ ਆਪਣਾ ਸਹੁਰਾ ਘਰ ਕਹਿ ਰਹੀ ਹੈ।
EDITED BY- HARLEEN KAUR




