ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮਹਿਮਦਪੁਰ ਵਿਖੇ ਇੱਕ ਰੂਹ ਕੰਬਾਊ ਘਟਨਾ ਵਾਪਰੀ ਹੈ। ਜਿੱਥੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਬੱਚਿਆਂ ਨੂੰ ਪੜ੍ਹਾ ਰਹੀ ਅਧਿਆਪਕਾ ’ਤੇ ਇਕ ਨੌਜਵਾਨ ਵਲੋਂ ਤੇਜ਼ਾਬ ਸੁੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਦੌਰਾਨ ਅਧਿਆਪਕਾ ਦੇ ਕੋਲ ਬੈਠੇ ਦੋ ਮਾਸੂਮ ਬੱਚਿਆਂ ‘ਤੇ ਵੀ ਤੇਜ਼ਾਬ ਦੀਆਂ ਬੂੰਦਾਂ ਪਈਆਂ, ਜਿਸ ਕਾਰਨ ਉਹ ਝੁਲਸ ਗਏ ਹਨ।
ਪੀੜਤ ਅਧਿਆਪਕਾ ਅਤੇ ਇੱਕ ਬੱਚੀ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਤੇਜ਼ਾਬ ਪਾਉਣ ਵਾਲਾ ਨੌਜਵਾਨ ਖੇਤਾਂ ਵਿਚ ਭੱਜ ਗਿਆ ਸੀ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਉਸ ਨੂੰ ਮੌਕੇ ’ਤੇ ਫੜ ਲਿਆ। ਮੁਲਜ਼ਮ ਪੀੜਤ ਅਧਿਆਪਕਾ ਦਾ ਭਾਣਜਾ ਲੱਗਦਾ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਹਰਗੋਬਿੰਦਪੁਰ ਦੇ ਡੀ.ਐਸ.ਪੀ. ਹਰੀਸ਼ ਬਹਿਲ ਨੇ ਦੱਸਿਆ ਕਿ ਥਾਣਾ ਘੁਮਾਣ ਦੀ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਪੀੜਤ ਅਧਿਆਪਕਾ ਦਾ ਰਿਸ਼ਤੇ ਵਿੱਚ ਭਾਣਜਾ ਲੱਗਦਾ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਹਮਲੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਆਰੋਪੀ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
EDITED BY- HARLEEN KAUR




