
12ਵੀਂ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੀਨੀਅਰ ਸੈਕੰਡਰੀ 12ਵੀਂ ਦੇ ਨਤੀਜਿਆਂ ਦਾ ਐਲਾਨ ਕੱਲ੍ਹ 13 ਮਈ ਦੁਪਹਿਰ 12:30 ਵਜੇ ਕੀਤਾ ਜਾਵੇਗਾ। ਇਹ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੱਲੋਂ ਦਿੱਤੀ ਗਈ ਹੈ।
ਇਸ ਸਬੰਧੀ ਬੋਰਡ ਦੇ ਚੇਅਰਮੈਨ ਵੱਲੋਂ, ਪ੍ਰਿੰਟ, ਇਲੈਕਟ੍ਰਾਨਿਕ ਅਤੇ ਡਿਜ਼ਿਟਲ ਮੀਡੀਆ ਦੇ ਨੁਮਾਇੰਦਿਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਨਤੀਜਿਆਂ ਦੀ ਘੋਸ਼ਣਾ ਦੀ ਸਾਰੇ ਪਲੇਟਫਾਰਮਾਂ ਰਾਹੀਂ ਕਵਰੇਜ ਕਰਵਾਉਣ ਦੀ ਖੇਚਲ ਕੀਤੀ ਜਾਵੇ ਤਾਂ ਜੋ ਵਿਦਿਆਰਥੀਆਂ, ਮਾਪਿਆਂ ਅਤੇ ਆਮ ਜਨਤਾ ਤੱਕ ਵਿਆਪਕ ਰੂਪ ਵਿੱਚ ਇਹ ਜਾਣਕਾਰੀ ਪਹੁੰਚ ਸਕੇ।
ਪੰਜਾਬ ਦੇ ਲੱਖਾਂ ਵਿਦਿਆਰਥੀਆਂ ਜਿਨ੍ਹਾਂ ਨੇ 12ਵੀਂ ਦੀਆਂ ਪ੍ਰੀਖਿਆਵਾਂ ਦਿੱਤੀਆਂ ਹਨ, ਆਪਣੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਬੋਰਡ ਵੱਲੋਂ ਤਰੀਕਾਂ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ, ਪਰ ਹੁਣ ਬੋਰਡ ਨੇ ਸਮਾਂ ਵੀ ਦੱਸ ਦਿੱਤਾ ਹੈ। ਜਿਸ ਤੋਂ ਬਾਅਦ ਬੱਚਿਆਂ ਦੀ ਇਹ ਉਡੀਕ ਲਗਭਗ ਖਤਮ ਹੋ ਗਈ ਹੈ। ਵਿਦਿਆਰਥੀ ਆਪਣੇ ਨਤੀਜੇ ਬੋਰਡ ਵੱਲੋਂ ਦੱਸੀਆਂ ਤਰੀਕਾਂ ਮੁਤਾਬਿਕ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਚੈੱਕ ਕਰ ਸਕਣਗੇ।
EDITED BY- HARLEEN KAUR




