टॉप न्यूज़

ਪੰਜਾਬ ‘ਚ ਨਸ਼ਾ ਤਸਕਰਾਂ ‘ਤੇ ਸਭ ਤੋਂ ਵੱਡਾ ਸ਼ਿਕੰਜਾ

ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਚੱਲ ਰਹੀ ਸਰਕਾਰ ਦੀ ਮੁਹਿੰਮ ਹੁਣ ਜ਼ਮੀਨੀ ਪੱਧਰ ‘ਤੇ ਵੱਡੇ ਨਤੀਜੇ ਦਿੰਦੀ ਨਜ਼ਰ ਆ ਰਹੀ ਹੈ। ਕਪੂਰਥਲਾ ਜ਼ਿਲ੍ਹੇ ਤੋਂ ਸਾਹਮਣੇ ਆਏ ਤਾਜ਼ਾ ਅੰਕੜਿਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਛੇੜ ਦਿੱਤੀ ਹੈ। ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਤੋਂ ਲੈ ਕੇ ਤਸਕਰਾਂ ਦੀਆਂ ਸੰਪਤੀਆਂ ਜ਼ਬਤ ਕਰਨ ਤੱਕ, ਹਰ ਪੱਧਰ ‘ਤੇ ਸਖ਼ਤ ਕਾਰਵਾਈ ਹੋ ਰਹੀ ਹੈ।
ਅਧਿਕਾਰਕ ਜਾਣਕਾਰੀ ਅਨੁਸਾਰ 1 ਮਾਰਚ 2025 ਤੋਂ 30 ਅਪ੍ਰੈਲ 2026 ਤੱਕ ਕਪੂਰਥਲਾ ਪੁਲਿਸ ਨੇ 30.4 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਹ ਅੰਕੜਾ ਇਸ ਤੋਂ ਪਹਿਲਾਂ ਦੇ ਸਮੇਂ ਨਾਲੋਂ ਕਾਫ਼ੀ ਵੱਧ ਹੈ। ਇਸ ਤੋਂ ਪਹਿਲਾਂ 1 ਜਨਵਰੀ 2024 ਤੋਂ 28 ਫ਼ਰਵਰੀ 2025 ਤੱਕ ਸਿਰਫ਼ 10.6 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਇਸ ਤਰ੍ਹਾਂ ਬਰਾਮਦਗੀ ਵਿੱਚ 187 ਫੀਸਦੀ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ।
ਸਿਰਫ਼ ਹੈਰੋਇਨ ਹੀ ਨਹੀਂ, ਹੋਰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਵਿੱਚ ਵੀ ਵੱਡੀ ਛਾਲ ਵੇਖਣ ਨੂੰ ਮਿਲੀ ਹੈ। ਭੁੱਕੀ ਦੀ ਬਰਾਮਦਗੀ 170 ਕਿਲੋਗ੍ਰਾਮ ਤੋਂ ਵੱਧ ਕੇ 452 ਕਿਲੋਗ੍ਰਾਮ ਤੱਕ ਪਹੁੰਚ ਗਈ, ਜਦਕਿ ਅਫ਼ੀਮ ਦੀ ਬਰਾਮਦਗੀ ਵੀ 6.845 ਕਿਲੋਗ੍ਰਾਮ ਤੋਂ ਵੱਧ ਕੇ 11.517 ਕਿਲੋਗ੍ਰਾਮ ਹੋ ਗਈ। ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਦੀ ਗਿਣਤੀ ਵੀ ਹੈਰਾਨ ਕਰਨ ਵਾਲੀ ਰਹੀ। ਪਹਿਲਾਂ ਜਿੱਥੇ 38 ਹਜ਼ਾਰ ਤੋਂ ਕੁਝ ਵੱਧ ਗੋਲੀਆਂ ਅਤੇ ਕੈਪਸੂਲ ਬਰਾਮਦ ਹੋਏ ਸਨ, ਹੁਣ ਇਹ ਗਿਣਤੀ 72 ਹਜ਼ਾਰ ਤੋਂ ਪਾਰ ਚਲੀ ਗਈ ਹੈ। ਇਸ ਤੋਂ ਸਾਫ਼ ਹੈ ਕਿ ਪੁਲਿਸ ਨੇ ਹੁਣ ਸਿਰਫ਼ ਛੋਟੇ ਤਸਕਰਾਂ ਹੀ ਨਹੀਂ, ਸਗੋਂ ਵੱਡੇ ਅਤੇ ਸੰਗਠਿਤ ਨਸ਼ਾ ਜਾਲਾਂ ‘ਤੇ ਵੀ ਨਜ਼ਰ ਟਿਕਾ ਲਈ ਹੈ।
ਨਸ਼ਿਆਂ ਦੀ ਬਰਾਮਦਗੀ ਦੇ ਨਾਲ-ਨਾਲ ਮਾਮਲੇ ਦਰਜ ਕਰਨ ਅਤੇ ਗ੍ਰਿਫ਼ਤਾਰੀਆਂ ਵਿੱਚ ਵੀ ਵੱਡਾ ਵਾਧਾ ਹੋਇਆ ਹੈ। ਮੁਹਿੰਮ ਦੌਰਾਨ ਕਪੂਰਥਲਾ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ 1498 ਐਫ਼ਆਈਆਰ ਦਰਜ ਕੀਤੀਆਂ ਅਤੇ 1867 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ। ਇਸ ਤੋਂ ਪਹਿਲਾਂ ਦੇ ਸਮੇਂ ਦੌਰਾਨ 376 ਮਾਮਲੇ ਅਤੇ 481 ਗ੍ਰਿਫ਼ਤਾਰੀਆਂ ਹੋਈਆਂ ਸਨ। ਇਹ ਵਾਧਾ ਇਸ ਗੱਲ ਦਾ ਸੰਕੇਤ ਹੈ ਕਿ ਹੁਣ ਕਾਰਵਾਈ ਹੋਰ ਤੇਜ਼ ਅਤੇ ਕੇਂਦਰਿਤ ਢੰਗ ਨਾਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਐਸਐਸਪੀ ਕਪੂਰਥਲਾ ਗੌਰਵ ਤੂਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੇ ਪੁਲਿਸ ਨੂੰ ਨਸ਼ਾ ਤਸਕਰੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਮਜ਼ਬੂਤ ਆਧਾਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਸ਼ਹਿਰੀ ਅਤੇ ਪਿੰਡਾਂ ਦੋਹਾਂ ਖੇਤਰਾਂ ਵਿੱਚ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ।
ਅਧਿਕਾਰੀਆਂ ਅਨੁਸਾਰ ਕਾਰਵਾਈ ਦਾ ਧਿਆਨ ਸਿਰਫ਼ ਨਸ਼ਾ ਬਰਾਮਦ ਕਰਨ ਤੱਕ ਸੀਮਿਤ ਨਹੀਂ ਹੈ, ਸਗੋਂ ਉਹਨਾਂ ਜਾਲਾਂ ਨੂੰ ਤੋੜਨ ‘ਤੇ ਵੀ ਹੈ ਜੋ ਰਾਜਾਂ ਦੀਆਂ ਸਰਹੱਦਾਂ ਪਾਰ ਕੰਮ ਕਰ ਰਹੇ ਹਨ। ਮੁੜ-ਮੁੜ ਅਪਰਾਧ ਕਰਨ ਵਾਲਿਆਂ ਨੂੰ ਖ਼ਾਸ ਤੌਰ ‘ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਜੋ ਨਸ਼ੇ ਦੀ ਸਪਲਾਈ ਲੜੀ ਨੂੰ ਪੂਰੀ ਤਰ੍ਹਾਂ ਤੋੜਿਆ ਜਾ ਸਕੇ।
ਇਸ ਮੁਹਿੰਮ ਦਾ ਸਭ ਤੋਂ ਵੱਡਾ ਪੱਖ ਆਰਥਿਕ ਕਾਰਵਾਈ ਨੂੰ ਮੰਨਿਆ ਜਾ ਰਿਹਾ ਹੈ। ਕਪੂਰਥਲਾ ਪੁਲਿਸ ਨੇ 48 ਅਜਿਹੇ ਮਾਮਲਿਆਂ ਵਿੱਚ ਕਾਰਵਾਈ ਸ਼ੁਰੂ ਕੀਤੀ ਹੈ ਜਿਨ੍ਹਾਂ ਵਿੱਚ ਨਸ਼ਾ ਤਸਕਰੀ ਨਾਲ ਜੁੜੀਆਂ 9.10 ਕਰੋੜ ਰੁਪਏ ਤੋਂ ਵੱਧ ਦੀਆਂ ਸੰਪਤੀਆਂ ਸ਼ਾਮਲ ਹਨ। ਇਨ੍ਹਾਂ ਵਿੱਚੋਂ 8.60 ਕਰੋੜ ਰੁਪਏ ਦੀ ਸੰਪਤੀ ਨੂੰ ਜ਼ਬਤ ਕਰਨ ਅਤੇ ਜਮ੍ਹ ਕਰਨ ਦੇ ਹੁਕਮ ਵੀ ਹਾਸਲ ਕੀਤੇ ਜਾ ਚੁੱਕੇ ਹਨ।
ਪੁਲਿਸ ਦਾ ਮੰਨਣਾ ਹੈ ਕਿ ਤਸਕਰਾਂ ਦੀਆਂ ਜਾਇਦਾਦਾਂ ‘ਤੇ ਵਾਰ ਕਰਨਾ ਨਸ਼ੇ ਦੇ ਕਾਰੋਬਾਰ ਨੂੰ ਲੰਬੇ ਸਮੇਂ ਲਈ ਖਤਮ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਹ ਮੁਹਿੰਮ ਸਿਰਫ਼ ਕੁਝ ਦਿਨਾਂ ਦੀ ਕਾਰਵਾਈ ਨਹੀਂ, ਸਗੋਂ ਲਗਾਤਾਰ ਚੱਲਣ ਵਾਲਾ ਮਿਸ਼ਨ ਹੈ ਜਿਸਦਾ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!