
ਪਟਿਆਲਾ ਦੀ ਨਿਊ ਲਾਲ ਬਾਗ ਕਾਲੋਨੀ ਵਿੱਚ ਪੀਜੀ ‘ਚ ਰਹਿ ਰਹੇ ਸਰਕਾਰੀ ਮੈਡੀਕਲ ਕਾਲਜ ਦੇ ਸੈਕਿੰਡ ਈਅਰ ਦੇ ਵਿਦਿਆਰਥੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਕਮਲ ਮਿੱਤਲ ਵਾਸੀ ਬਰੇਟਾ ਮਾਨਸਾ ਵਜੋਂ ਹੋਈ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਵਲ ਐੱਸਐੱਚਓ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਅਤੇ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ ਤੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਿਕ ਕਮਲ ਮਿੱਤਲ ਸਵੇਰ ਦਾ ਫੋਨ ਨਹੀਂ ਚੱਕ ਰਿਹਾ ਸੀ, ਜਦੋਂ ਪਰਿਵਾਰ ਨੇ ਆ ਕੇ ਦੇਖਿਆ ਤਾਂ ਉਸ ਦੀ ਲਹੁ-ਲੁਹਾਨ ਲਾਸ਼ ਫਰਸ ‘ਤੇ ਪਈ ਮਿਲੀ।
ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਨੇੜੇ ਦੇ ਸੀਸੀ ਟੀਵੀ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ, ਜਿਸ ‘ਚ ਸਾਹਮਣੇ ਆਇਆ ਕਿ ਇੱਕ ਵਿਅਕਤੀ ਲਹੁ-ਲੁਹਾਨ ਹਾਲਤ ਵਿਚ ਜਾ ਰਿਹਾ ਸੀ।
ਜਾਣਕਾਰੀ ਮੁਤਾਬਿਕ ਇਸ ਪੀਜੀ ‘ਚ ਲਗਭਗ ਚਾਰ ਵਿਦਿਆਰਥੀ ਰਹਿੰਦੇ ਸਨ। ਕਮਲ ਮਿੱਤਲ ਦੀ ਗਰਦਨ ‘ਤੇ ਤਿੰਨ ਵਾਰ ਕੀਤੇ ਗਏ ਸਨ ਜਿਸ ਨਾਲ ਉਸਦੀ ਮੌਕੇ ‘ਤੇ ਮੌਤ ਹੋ ਗਈ। ਪੁਲਿਸ ਵੱਲੋਂ ਬਾਕੀ ਸਾਰੇ ਵਿੰਗਾਂ ਦੀ ਸਹਾਇਤਾ ਨਾਲ ਜਾਂਚ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਪਰਿਵਾਰ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਕਾਤਲ ਨੂੰ ਲੱਭ ਕੇ ਉਸ ਨੂੰ ਸਖਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
EDITED BY- HARLEEN KAUR



