टॉप न्यूज़

ਛੇ ਦਿਨ ਪਹਿਲਾਂ ਲਾਪਤਾ ਹੋਈ ਪੰਜਾਬੀ ਗਾਇਕਾ ਦਾ ਕਤਲ

ਨੀਲੋ ਨਹਿਰ ਵਿੱਚੋਂ ਬਰਾਮਦ ਹੋਈ ਲਾਸ਼

ਲੁਧਿਆਣਾ ਤੋਂ ਛੇ ਦਿਨ ਪਹਿਲਾਂ ਰਹੱਸਮਈ ਹਾਲਾਤਾਂ ਵਿੱਚ ਗਾਇਬ ਹੋਈ ਪੰਜਾਬੀ ਗਾਇਕਾ ਇੰਦਰ ਕੌਰ ਉਰਫ਼ ਯਸ਼ਇੰਦਰ ਕੌਰ ਦੀ ਮੌਤ ਨੇ ਪੰਜਾਬ ਭਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੰਗਲਵਾਰ ਸਵੇਰੇ ਉਸ ਦੀ ਲਾਸ਼ ਨੀਲੋ ਨਹਿਰ ਵਿੱਚੋਂ ਬਰਾਮਦ ਹੋਣ ਤੋਂ ਬਾਅਦ ਇਸ ਮਾਮਲੇ ਨੇ ਨਵਾਂ ਅਤੇ ਸਨਸਨੀਖੇਜ਼ ਮੋੜ ਲੈ ਲਿਆ ਹੈ। ਪਰਿਵਾਰ ਦਾ ਦਾਅਵਾ ਹੈ ਕਿ ਗਾਇਕਾ ਨੂੰ ਗਨ ਪੁਆਇੰਟ ‘ਤੇ ਅਗਵਾ ਕੀਤਾ ਗਿਆ ਸੀ ਅਤੇ ਹੁਣ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ।
ਪੁਲਿਸ ਵੱਲੋਂ ਲਾਸ਼ ਨੂੰ ਨਹਿਰ ਵਿੱਚੋਂ ਬਾਹਰ ਕੱਢ ਕੇ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰਖਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਨੂੰ ਸ਼ਨਾਖਤ ਲਈ ਬੁਲਾਇਆ ਗਿਆ, ਜਿੱਥੇ ਉਨ੍ਹਾਂ ਨੇ ਲਾਸ਼ ਦੀ ਪਛਾਣ ਇੰਦਰ ਕੌਰ ਵਜੋਂ ਕੀਤੀ। ਇਸ ਖ਼ਬਰ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ, ਜਦਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ।
ਗਾਇਕਾ ਦੇ ਭਰਾ ਜੋਤਇੰਦਰ ਸਿੰਘ ਨੇ ਦੱਸਿਆ ਕਿ 13 ਮਈ ਦੀ ਸ਼ਾਮ ਕਰੀਬ ਸਾੜੇ 6 ਵਜੇ ਇੰਦਰ ਕੌਰ ਆਪਣੀ ਚਿੱਟੇ ਰੰਗ ਦੀ ਫੋਰਡ ਫਿਗੋ ਕਾਰ ਵਿੱਚ ਘਰ ਦਾ ਸਮਾਨ ਲੈਣ ਲਈ ਨਿਕਲੀ ਸੀ, ਪਰ ਵਾਪਸ ਘਰ ਨਹੀਂ ਪੁੱਜੀ। ਜਦੋਂ ਕਾਫ਼ੀ ਸਮੇਂ ਤੱਕ ਉਸ ਦਾ ਕੋਈ ਪਤਾ ਨਾ ਲੱਗਾ ਤਾਂ ਪਰਿਵਾਰ ਨੇ ਆਪਣੇ ਪੱਧਰ ‘ਤੇ ਖੋਜ ਸ਼ੁਰੂ ਕੀਤੀ।
ਛਾਣਬੀਣ ਦੌਰਾਨ ਪਰਿਵਾਰ ਨੂੰ ਪਤਾ ਲੱਗਿਆ ਕਿ ਇੰਦਰ ਕੌਰ ਦੀ ਜਾਣ-ਪਛਾਣ ਮੋਗਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨਾਲ ਸੀ, ਜੋ ਇਸ ਸਮੇਂ ਆਪਣੇ ਪਰਿਵਾਰ ਸਮੇਤ ਕੈਨੇਡਾ ਵਿੱਚ ਰਹਿੰਦਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਸੁੱਖਾ ਇੰਦਰ ਕੌਰ ‘ਤੇ ਜ਼ਬਰਦਸਤੀ ਵਿਆਹ ਕਰਨ ਲਈ ਦਬਾਅ ਬਣਾ ਰਿਹਾ ਸੀ। ਪਰ ਜਦੋਂ ਗਾਇਕਾ ਨੂੰ ਪਤਾ ਲੱਗਿਆ ਕਿ ਸੁੱਖਾ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਹੈ ਅਤੇ ਉਸਦੇ ਬੱਚੇ ਵੀ ਹਨ, ਤਾਂ ਉਸ ਨੇ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ।
ਪਰਿਵਾਰ ਦਾ ਕਹਿਣਾ ਹੈ ਕਿ ਇਸੇ ਗੱਲ ਦਾ ਬਦਲਾ ਲੈਣ ਲਈ 13 ਮਈ ਦੀ ਰਾਤ ਸੁਖਵਿੰਦਰ ਸਿੰਘ ਉਰਫ਼ ਸੁੱਖਾ, ਉਸਦੇ ਪਿਤਾ ਪ੍ਰੀਤਮ ਸਿੰਘ, ਉਸਦੇ ਸਾਥੀ ਕਰਮਜੀਤ ਸਿੰਘ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਨੇ ਮਿਲ ਕੇ ਗਾਇਕਾ ਨੂੰ ਗਨ ਪੁਆਇੰਟ ‘ਤੇ ਅਗਵਾ ਕਰ ਲਿਆ। ਇਸ ਮਾਮਲੇ ਵਿੱਚ ਪਰਿਵਾਰ ਨੇ 15 ਮਈ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਕਾਬੂ ਵੀ ਕਰ ਲਿਆ ਹੈ, ਜਦਕਿ ਮੁੱਖ ਮੁਲਜ਼ਮ ਸੁਖਵਿੰਦਰ ਸਿੰਘ ਦੇ ਕੈਨੇਡਾ ਭੱਜ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਉਹ ਖ਼ਾਸ ਤੌਰ ‘ਤੇ ਪੰਜਾਬ ਆਇਆ ਸੀ ਅਤੇ ਹੱਤਿਆ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁੜ ਕੈਨੇਡਾ ਫਰਾਰ ਹੋ ਗਿਆ।
ਇਸ ਮਾਮਲੇ ਨੇ ਹੁਣ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਆਖ਼ਿਰ ਇੱਕ ਉਭਰਦੀ ਪੰਜਾਬੀ ਗਾਇਕਾ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ? ਕੀ ਇਹ ਸਿਰਫ਼ ਇਕ ਪੱਖੀ ਪਿਆਰ ਦਾ ਮਾਮਲਾ ਸੀ ਜਾਂ ਇਸ ਦੇ ਪਿੱਛੇ ਹੋਰ ਵੀ ਕੋਈ ਵੱਡੀ ਸਾਜ਼ਿਸ਼ ਛੁਪੀ ਹੋਈ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਹੁਣ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਉਣਗੇ।
ਥਾਣਾ ਜਮਾਲਪੁਰ ਦੇ ਐਸਐਚਓ ਬਲਬੀਰ ਸਿੰਘ ਨੇ ਦੱਸਿਆ ਕਿ ਨਹਿਰ ਵਿੱਚੋਂ ਲਾਸ਼ ਮਿਲਣ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਸੀ। ਪਰਿਵਾਰ ਨੂੰ ਪਛਾਣ ਲਈ ਬੁਲਾਇਆ ਗਿਆ ਅਤੇ ਹੁਣ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਜਿਵੇਂ-ਜਿਵੇਂ ਜਾਂਚ ਅੱਗੇ ਵੱਧ ਰਹੀ ਹੈ, ਉਵੇਂ-ਉਵੇਂ ਇਸ ਮਾਮਲੇ ਨਾਲ ਜੁੜੇ ਨਵੇਂ ਖੁਲਾਸੇ ਹੋਣ ਦੀ ਸੰਭਾਵਨਾ ਵੀ ਵੱਧ ਰਹੀ ਹੈ। ਪੰਜਾਬ ਵਿੱਚ ਇਸ ਘਟਨਾ ਨੇ ਇੱਕ ਵਾਰ ਫਿਰ ਮਹਿਲਾ ਸੁਰੱਖਿਆ ਅਤੇ ਮਨੋਰੰਜਨ ਜਗਤ ਨਾਲ ਜੁੜੇ ਲੋਕਾਂ ਦੀ ਸੁਰੱਖਿਆ ‘ਤੇ ਚਰਚਾ ਛੇੜ ਦਿੱਤੀ ਹੈ।
EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!