टॉप न्यूज़

Patiala ਕਤਲ ਮਾਮਲੇ ‘ਚ ਵੱਡਾ ਅੱਪਡੇਟ

ਬਚਪਨ ਦਾ ਦੋਸਤ ਹੀ ਨਿਕਲਿਆ MBBS ਵਿਦਿਆਰਥੀ ਦਾ ਕਾਤਲ

ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ (GMC) ਦੇ ਆਖਰੀ ਸਾਲ ਦੇ MBBS ਵਿਦਿਆਰਥੀ ਕਮਲਦੀਪ ਕੁਮਾਰ ਮਿੱਤਲ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਕੇਵਲ 36 ਘੰਟਿਆਂ ਵਿੱਚ ਮੁੱਖ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਤਲ ਕਰਨ ਵਾਲਾ ਕੋਈ ਹੋਰ ਨਹੀਂ, ਸਗੋਂ ਮ੍ਰਿਤਕ ਦਾ ਬਚਪਨ ਦਾ ਕਰੀਬੀ ਦੋਸਤ ਹੀ ਨਿਕਲਿਆ।

ਪੁਲਿਸ ਨੇ ਆਰੋਪੀ ਦੀ ਪਛਾਣ ਮੋਹਿਤ ਵਰਮਾ ਵਜੋਂ ਕੀਤੀ ਹੈ। ਮ੍ਰਿਤਕ ਕਮਲਦੀਪ ਅਤੇ ਆਰੋਪੀ ਮੋਹਿਤ ਦੋਵੇਂ ਮਾਨਸਾ ਜ਼ਿਲ੍ਹੇ ਦੇ ਬਰੇਟਾ ਕਸਬੇ ਦੇ ਰਹਿਣ ਵਾਲੇ ਸਨ ਅਤੇ ਸਾਲਾਂ ਤੋਂ ਇੱਕ-ਦੂਜੇ ਨੂੰ ਜਾਣਦੇ ਸਨ।

ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਮਲਦੀਪ ਅਤੇ ਮੋਹਿਤ ਨੇ ਮਿਲ ਕੇ ਸ਼ੇਅਰ ਮਾਰਕੀਟ ਵਿੱਚ ਪੈਸੇ ਲਗਾਏ ਹੋਏ ਸਨ। ਕਮਲਦੀਪ ਲਗਾਤਾਰ ਮੋਹਿਤ ਤੋਂ ਆਪਣੇ 3 ਤੋਂ 4 ਲੱਖ ਰੁਪਏ ਵਾਪਸ ਮੰਗ ਰਿਹਾ ਸੀ ਅਤੇ ਇਸ ਲਈ ਦਬਾਅ ਵੀ ਬਣਾ ਰਿਹਾ ਸੀ। ਪੁਲਿਸ ਅਨੁਸਾਰ ਇਹ ਲੈਣ-ਦੇਣ ਕਰੀਬ 20 ਲੱਖ ਰੁਪਏ ਤੱਕ ਦਾ ਵੀ ਹੋ ਸਕਦਾ ਹੈ, ਜਿਸ ਦੀ ਜਾਂਚ ਜਾਰੀ ਹੈ। ਇਸੇ ਪੈਸਿਆਂ ਦੇ ਝਗੜੇ ਤੋਂ ਤੰਗ ਆ ਕੇ ਮੋਹਿਤ ਨੇ ਆਪਣੇ ਹੀ ਦੋਸਤ ਨੂੰ ਮਾਰਨ ਦੀ ਸਾਜ਼ਿਸ਼ ਰਚੀ।

ਪੁਲਿਸ ਮੁਤਾਬਕ ਆਰੋਪੀ ਨੇ ਵਾਰਦਾਤ ਤੋਂ ਇੱਕ ਦਿਨ ਪਹਿਲਾਂ ਹੀ ਕਤਲ ਲਈ ਵਰਤਿਆ ਗਿਆ ਵੱਡਾ ਚਾਕੂ ਖਰੀਦਿਆ ਸੀ, ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਸੋਚੀ-ਸਮਝੀ ਸਾਜ਼ਿਸ਼ ਸੀ। ਘਟਨਾ ਵਾਲੀ ਰਾਤ ਮੋਹਿਤ ਕਮਲਦੀਪ ਦੇ ਕਮਰੇ ‘ਚ ਹੀ ਮੌਜੂਦ ਸੀ। ਕਤਲ ਤੋਂ ਪਹਿਲਾਂ ਦੋਵਾਂ ਨੇ ਇਕੱਠੇ ਬੈਠ ਕੇ ਮੂਵੀ ਦੇਖੀ ਅਤੇ IPL ਮੈਚ ਦਾ ਆਨੰਦ ਵੀ ਲਿਆ। ਕਮਲਦੀਪ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਸਦਾ ਦੋਸਤ ਆਪਣੇ ਬੈਗ ਵਿੱਚ ਮੌਤ ਲੈ ਕੇ ਆਇਆ ਹੈ।

ਅਗਲੀ ਸਵੇਰ ਜਿਵੇਂ ਹੀ ਕਮਲਦੀਪ ਬਾਥਰੂਮ ਵਿੱਚ ਗਿਆ ਤਾਂ ਮੋਹਿਤ ਨੇ ਬੈਗ ਵਿੱਚੋਂ ਚਾਕੂ ਕੱਢ ਕੇ ਉਸ ‘ਤੇ ਤਾਬੜਤੋੜ ਹਮਲਾ ਕਰ ਦਿੱਤਾ। ਹਮਲਾ ਇੰਨਾ ਬੇਰਹਿਮ ਸੀ ਕਿ ਕਮਲਦੀਪ ਦੇ ਸਰੀਰ ‘ਤੇ 25 ਤੋਂ 30 ਡੂੰਘੇ ਜ਼ਖ਼ਮ ਮਿਲੇ। ਆਰੋਪੀ ਨੇ ਇੰਨੀ ਜ਼ੋਰ ਨਾਲ ਵਾਰ ਕੀਤੇ ਕਿ ਚਾਕੂ ਵੀ ਟੁੱਟ ਗਿਆ। ਕਮਲਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਵਾਰਦਾਤ ਤੋਂ ਬਾਅਦ ਆਰੋਪੀ ਨੇ ਮ੍ਰਿਤਕ ਦੇ ਮੋਬਾਈਲ ਦੀ ਵਰਤੋਂ ਕਰਕੇ ਉਸਦੇ ਬੈਂਕ ਖਾਤੇ ਵਿੱਚੋਂ ਕਰੀਬ 25 ਹਜ਼ਾਰ ਰੁਪਏ ਆਪਣੇ ਖਾਤੇ ਵਿੱਚ ਟਰਾਂਸਫਰ ਕਰ ਲਏ। ਹਮਲੇ ਦੌਰਾਨ ਖੁਦ ਹਲਕਾ ਜ਼ਖ਼ਮੀ ਹੋਣ ਤੋਂ ਬਾਅਦ ਉਹ ਇੱਕ ਹਸਪਤਾਲ ਵਿੱਚ ਇਲਾਜ ਕਰਵਾ ਕੇ ਉੱਥੋਂ ਫਰਾਰ ਹੋ ਗਿਆ।

ਪੁਲਿਸ ਅਧਿਕਾਰੀ ਵਰੁਣ ਸ਼ਰਮਾ ਨੇ ਦੱਸਿਆ ਕਿ ਆਰੋਪੀ ਪੁਲਿਸ ਤੋਂ ਬਚਣ ਲਈ ਲਗਾਤਾਰ ਚਾਲਾਕੀਆਂ ਕਰ ਰਿਹਾ ਸੀ। ਉਹ ਟ੍ਰੈਕਿੰਗ ਤੋਂ ਬਚਣ ਲਈ ਵਾਰ-ਵਾਰ ਸਿਮ ਕਾਰਡ ਬਦਲ ਰਿਹਾ ਸੀ ਅਤੇ ਸਮਾਰਟਫੋਨ ਦੀ ਥਾਂ ਛੋਟਾ ਕੀਪੈਡ ਫੋਨ ਵਰਤ ਰਿਹਾ ਸੀ। ਹਾਲਾਂਕਿ ਤਕਨੀਕੀ ਸੂਚਨਾਵਾਂ ਦੇ ਆਧਾਰ ‘ਤੇ ਪੁਲਿਸ ਨੇ ਕਈ ਰਾਜਾਂ ਵਿੱਚ ਛਾਪੇਮਾਰੀ ਕਰਕੇ ਆਖ਼ਿਰਕਾਰ 36 ਘੰਟਿਆਂ ਵਿੱਚ ਉਸਨੂੰ ਕਾਬੂ ਕਰ ਲਿਆ।

EDITED BY- HARLEEN KAUR

 

Related Articles

Leave a Reply

Your email address will not be published. Required fields are marked *

Back to top button
error: Content is protected !!