
ਜਲੰਧਰ ਦੇ ਵੇਰਕਾ ਮਿਲਕ ਪਲਾਂਟ ਚੌਂਕ ਵਿੱਚ ਵੀਰਵਾਰ ਦੇਰ ਰਾਤ ਕਾਰ ਨੂੰ ਸਾਈਡ ਦੇਣ ਦੀ ਗੱਲ ਨੂੰ ਲੈ ਕੇ ਤਕਰਾਰ ਹੋ ਗਈ। ਇਸ ਝਗੜੇ ਵਿੱਚ ਸੂਫੀ ਗਾਇਕਾ ਜੋਤੀ ਨੂਰਾਂ ਦੇ ਪਤੀ ਅਤੇ ਇੱਕ ਹੋਰ ਕਾਰ ਚਾਲਕ ਵਿਚਕਾਰ ਵਿਵਾਦ ਵੱਧ ਗਿਆ। ਦੋਵੇਂ ਧਿਰਾਂ ਨੇ ਇਕ-ਦੂਜੇ ਉੱਤੇ ਕੁੱਟਮਾਰ ਦੇ ਦੋਸ਼ ਲਗਾਏ ਹਨ।
ਜਾਣਕਾਰੀ ਮੁਤਾਬਕ ਅਭਿਸ਼ੇਕ ਉਸਮਾਨ ਆਪਣੇ ਕੁਝ ਦੋਸਤਾਂ ਨਾਲ ਕਾਰ ਵਿੱਚ ਮੌਜੂਦ ਸੀ ਅਤੇ ਉਨ੍ਹਾਂ ਦੀ ਗੱਡੀ ਸੜਕ ‘ਤੇ ਖੜ੍ਹੀ ਸੀ। ਇਸ ਦੌਰਾਨ ਦੂਜੇ ਕਾਰ ਚਾਲਕ ਨੇ ਰਸਤਾ ਰੋਕਣ ਦਾ ਕਾਰਨ ਪੁੱਛਿਆ, ਜਿਸ ਤੋਂ ਬਾਅਦ ਪਹਿਲਾਂ ਬਹਿਸ ਹੋਈ ਅਤੇ ਫਿਰ ਮਾਮਲਾ ਹੱਥਾਪਾਈ ਤੱਕ ਪਹੁੰਚ ਗਿਆ। ਝਗੜੇ ਦੌਰਾਨ ਇੱਕ ਵਿਅਕਤੀ ਦੇ ਸਿਰ ‘ਤੇ ਗੰਭੀਰ ਸੱਟ ਲੱਗੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੂਜੇ ਪੱਖ ਨਾਲ ਸਬੰਧਤ ਕਾਲੋਨੀ ਦੇ ਰਹਿਣ ਵਾਲੇ ਸਤਿੰਦਰ ਪਾਲ ਨੇ ਦੱਸਿਆ ਕਿ ਉਹ ਵੇਰਕਾ ਮਿਲਕ ਪਲਾਂਟ ਵੱਲ ਜਾ ਰਹੇ ਸਨ ਅਤੇ ਉਨ੍ਹਾਂ ਦੀ ਕਾਰ ਦਾ ਇੰਡੀਕੇਟਰ ਚੱਲ ਰਿਹਾ ਸੀ। ਉਨ੍ਹਾਂ ਦੇ ਮੁਤਾਬਕ ਸਾਹਮਣੇ ਆਈ ਇੱਕ ਕਾਰ ਅਚਾਨਕ ਰੁੱਕ ਗਈ, ਜਿਸ ਵਿੱਚ ਸਵਾਰ ਚਾਰ-ਪੰਜ ਨੌਜਵਾਨਾਂ ਨੇ ਰਸਤਾ ਰੋਕਣ ਨੂੰ ਲੈ ਕੇ ਗਾਲੀ-ਗਲੌਚ ਕਰਨੀ ਸ਼ੁਰੂ ਕਰ ਦਿੱਤੀ।
ਸਤਿੰਦਰ ਪਾਲ ਦਾ ਦੋਸ਼ ਹੈ ਕਿ ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ‘ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਨੇ ਆਪਣੇ ਪੁੱਤਰ ਨੂੰ ਮੌਕੇ ‘ਤੇ ਬੁਲਾਇਆ, ਪਰ ਹਮਲਾਵਰਾਂ ਨੇ ਉਸ ਨਾਲ ਵੀ ਕੁੱਟਮਾਰ ਕੀਤੀ। ਸਤਿੰਦਰ ਦਾ ਕਹਿਣਾ ਹੈ ਕਿ ਜੋਤੀ ਨੂਰਾਂ ਦੇ ਪਤੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਜਿਸ ਕਾਰਨ ਉਸ ਦਾ ਸਿਰ ਫੱਟ ਗਿਆ ਅਤੇ ਉਸ ਦਾ ਪੁੱਤਰ ਵੀ ਜ਼ਖ਼ਮੀ ਹੋ ਗਿਆ।
ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਥਾਣਾ ਨੰਬਰ-1 ਦੇ ਐਸਐਚਓ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਵੇਰਕਾ ਮਿਲਕ ਪਲਾਂਟ ਨੇੜੇ ਦੋ ਧਿਰਾਂ ਵਿਚਾਲੇ ਲੜਾਈ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਕਿਹਾ ਕਿ ਇਸ ਝਗੜੇ ਵਿੱਚ ਦੋਵੇਂ ਪੱਖਾਂ ਦੇ ਦੋ-ਦੋ ਨੌਜਵਾਨ ਜ਼ਖ਼ਮੀ ਹੋਏ ਹਨ। ਪੁਲਿਸ ਵੱਲੋਂ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ CCTV ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾਵੇਗੀ। ਨਾਲ ਹੀ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।
EDITED BY- HARLEEN KAUR




