टॉप न्यूज़

AAP ਦੇ ਸਾਬਕਾ ਵਿਧਾਇਕ ਸੰਧੋਆ ਨੂੰ ਪੁਲਿਸ ਦਾ ਸੰਮਨ

ਹੋਟਲ 'ਚ ਚੱਲ ਰਹੇ ਸੈਕਸ ਰੈਕੇਟ ਮਾਮਲੇ 'ਚ SIT ਕਰੇਗੀ ਪੁੱਛਗਿੱਛ

ਰੋਪੜ ਤੋਂ ਆਮ ਆਦਮੀ ਪਾਰਟੀ (AAP) ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਧੋਆ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਪੁਲਿਸ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਇੱਕ ਹੋਟਲ ਵਿੱਚ ਫੜੇ ਗਏ ਸੈਕਸ ਰੈਕੇਟ ਮਾਮਲੇ ਵਿੱਚ ਸੰਧੋਆ ਨੂੰ ਸੰਮਨ ਜਾਰੀ ਕਰਕੇ ਪੁੱਛਗਿੱਛ ਲਈ ਤਲਬ ਕੀਤਾ ਹੈ।

ਡੀਐੱਸਪੀ ਰੋਪੜ ਦੇ ਦਫ਼ਤਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (SIT) ਦੇ ਸਾਹਮਣੇ ਸਾਬਕਾ ਵਿਧਾਇਕ ਨੂੰ 22 ਜੂਨ ਸਵੇਰੇ 11 ਵਜੇ ਪੇਸ਼ ਹੋਣਾ ਹੋਵੇਗਾ। ਪੁਲਿਸ ਨੇ ਸਥਾਨਕ ਥਾਣਿਆਂ ਨੂੰ ਸੰਧੋਆ ਨੂੰ ਸੂਚਿਤ ਕਰਨ ਅਤੇ ਮਾਮਲੇ ਨਾਲ ਸਬੰਧਤ ਪੂਰੀ ਫਾਈਲ SIT ਅੱਗੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਸੇ ਸਾਲ 17 ਫਰਵਰੀ 2026 ਨੂੰ ਪੰਜਾਬ ਪੁਲਿਸ ਨੇ ਸ਼੍ਰੀ ਆਨੰਦਪੁਰ ਸਾਹਿਬ ਦੇ ਇੱਕ ਹੋਟਲ ‘ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਉੱਥੇ ਚੱਲ ਰਹੇ ਇੱਕ ਵੱਡੇ ਸੈਕਸ ਰੈਕੇਟ ਦਾ ਪਰਦਾਫਾਸ਼ ਹੋਇਆ ਸੀ। ਕਾਰਵਾਈ ਤੋਂ ਬਾਅਦ ਪੁਲਿਸ ਨੇ ਹੋਟਲ ਅਤੇ ਸੰਬੰਧਿਤ ਦੋਸ਼ੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ।

ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਇਸ ਰੈਕੇਟ ਵਿੱਚ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਧੋਆ ਦੇ ਕਥਿਤ ਸਬੰਧਾਂ ਅਤੇ ਭੂਮਿਕਾ ਦੀ ਜਾਂਚ ਕਰ ਰਹੀ ਹੈ। ਹਾਲਾਂਕਿ, ਪੁਲਿਸ ਅਧਿਕਾਰੀਆਂ ਨੇ ਅਜੇ ਤੱਕ ਸੰਧੋਆ ਦੀ ਭੂਮਿਕਾ ਬਾਰੇ ਖੁੱਲ੍ਹ ਕੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ। ਸੂਤਰਾਂ ਅਨੁਸਾਰ ਇਹ ਸਮਨ ਚੱਲ ਰਹੀ ਜਾਂਚ ਦਾ ਹਿੱਸਾ ਹੈ ਅਤੇ ਕੇਸ ਨਾਲ ਜੁੜੇ ਸਾਰੇ ਸ਼ੱਕੀ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

SIT ਨੇ ਇਹ ਸਮਨ ਇਸ ਲਈ ਜਾਰੀ ਕੀਤਾ ਹੈ ਤਾਂ ਜੋ ਇਸ ਹਾਈ-ਪ੍ਰੋਫਾਈਲ ਰੈਕੇਟ ਦੇ ਪਿੱਛੇ ਲੁਕੇ ਚਿਹਰਿਆਂ ਨੂੰ ਬੇਨਕਾਬ ਕੀਤਾ ਜਾ ਸਕੇ। 17 ਫਰਵਰੀ ਨੂੰ ਦਰਜ ਐਫਆਈਆਰ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀਐੱਸਪੀ ਦੀ ਅਗਵਾਈ ਹੇਠ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਸੀ। ਜਾਂਚ ਦੌਰਾਨ SIT ਨੂੰ ਕੁਝ ਅਹਿਮ ਜਾਣਕਾਰੀਆਂ ਮਿਲੀਆਂ ਹਨ, ਜਿਨ੍ਹਾਂ ਦੇ ਆਧਾਰ ‘ਤੇ ਸਾਬਕਾ ਵਿਧਾਇਕ ਤੋਂ ਪੁੱਛਗਿੱਛ ਜ਼ਰੂਰੀ ਸਮਝੀ ਗਈ ਹੈ।

ਹੁਕਮਾਂ ਮੁਤਾਬਕ 22 ਜੂਨ ਨੂੰ ਹੋਣ ਵਾਲੀ ਇਸ ਪੇਸ਼ੀ ਦੌਰਾਨ ਸ੍ਰੀ ਆਨੰਦਪੁਰ ਸਾਹਿਬ ਥਾਣੇ ਦੇ ਐੱਸਐੱਚਓ ਨੂੰ ਵੀ ਪੂਰੀ ਕੇਸ ਡਾਇਰੀ ਅਤੇ ਫਾਈਲ ਸਮੇਤ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ, ਤਾਂ ਜੋ ਸੰਧੋਆ ਨਾਲ ਆਹਮੋ-ਸਾਹਮਣੇ ਪੁੱਛਗਿੱਛ ਕੀਤੀ ਜਾ ਸਕੇ।

EDITED BY- HARLEEN KAUR

Related Articles

Leave a Reply

Your email address will not be published. Required fields are marked *

Back to top button
error: Content is protected !!